ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਜਤਿੰਦਰ ਸਿੰਘ (30 ਸਾਲ) ਨੌਜਵਾਨ ਦੀ ਬੈਲਜੀਅਮ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਿਰਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਜਤਿੰਦਰ ਦੀ ਮੌਤ ਦੀ ਖਬਰ ਸੁਣਦੇ ਹੀ ਪਿੰਡ ਵਾਸੀ ਉਸਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।ਜਤਿੰਦਰ ਦੀ ਮਾਤਾ ਦਾ ਆਪਣੇ ਇਕਲੌਤੇ ਪੁੱਤਰ ਦੇ ਵਿਛੋੜਾ ਪੈਣ ਨਾਲ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਜਤਿੰਦਰ ਸਿੰਘ ਦੇ ਪਿਤਾ ਮਨਜੀਤ ਸਿੰਘ ਨਾਲ ਦੁਖੀ ਹਿਰਦੇ ਨਾਲ ਦੱਸਿਆ ਕਿ ਉਸਦਾ ਪੁੱਤਰ ਇੱਥੋਂ ਬਾਰਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪਹਿਲਾਂ ਉਹ ਦੁਬਈ ਗਿਆ ਸੀ ਫਿਰ ਬੈਲਜੀਅਮ ਤੋਂ ਉਸਦੇ ਦੋਸਤ ਨੇ ਇੱਕ ਸਪਾਂਸਰ ਸ਼ਿਪ ਭੇਜ ਦਿੱਤੀ ਸੀ ਜਿਸ ਨਾਲ ਉਹ 2012 ਨੂੰ ਬੈਲਜੀਅਮ ਚਲਾ ਗਿਆ ਜਿੱਥੇ ਉਸਨੂੰ ਹੁਣ ਪੱਕੇ ਹੋਣ ਦੇ ਪੇਪਰ ਵੀ ਮਿਲ ਗਏ ਸਨ ਪਰੰਤੂ ਕੱਲ ਦੇਰ ਰਾਤ ਉਨ੍ਹਾਂ ਨੂੰ ਇੱਕ ਫੋਨ ਬੈਲਜੀਅਮ ਦੇ ਸ਼ਹਿਰ ਲੀ ਤੋਂ ਆਇਆ ਸੀ ਜਤਿੰਦਰ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋ ਗਈ ਹੈ। ਪਿਤਾ ਨੇ ਇਹ ਵੀ ਦੱਸਿਆ ਕਿ ਉਸਦੀ ਆਪਣੇ ਬੇਟੇ ਨਾਲ ਇੱਕ ਦਿਨ ਪਹਿਲਾਂ ਫੋਨ ਉੱਤੇ ਗੱਲਬਾਤ ਹੋਈ ਸੀ।
ਪਿਤਾ ਦੇ ਦੱਸਣ ਮੁਤਾਬਕ ਜਤਿੰਦਰ ਸਿੰਘ ਦੀ ਉਮਰ 30 ਸਾਲ ਦੇ ਕਰੀਬ ਸੀ । ਜਤਿੰਦਰ ਦੇ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਉਸਦੇ ਪੁੱਤਰ ਦੀ ਲਾਸ਼ ਭਾਰਤ ਭੇਜੀ ਜਾਵੇ।ਦੂਜੇ ਪਾਸੇ ਜਤਿੰਦਰ ਸਿੰਘ ਦੇ ਘਰ ਅਫਸੋਸ ਕਰਨ ਆਏ ਰਿਸ਼ਤੇਦਾਰ ਨੇ ਕਿਹਾ ਕਿ ਉਹਨਾਂ ਨੂੰ ਜਤਿੰਦਰ ਦੀ ਮੌਤ ਉੱਤੇ ਅਸ਼ੰਕਾ ਲਗਦੀ ਹੈ ਕਿਉਂਕਿ ਉਸਦੇ ਮੂੰਹ ਦੇ ਨਾਲ ਪੇਟ ਅਤੇ ਅੱਖ ਗਹਿਰੇ ਜਖਮ ਸਾਫ ਨਜਰ ਆ ਰਹੇ ਹਨ।ਇਸ ਲਈ ਉਹਨਾਂ ਇਹ ਵੀ ਮੰਗ ਕੀਤੀ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੇ ਇਸ ਮੌਤ ਦਾ ਕਾਰਨ ਕੋਈ ਦੂਜਾ ਹੈ ਤਾਂ ਪੁਲਿਸ ਉਸ ਤਹਿਤ ਕੋਈ ਕਾਰਵਾਈ ਕਰੇ।ਪਿੰਡ ਵਾਸੀ ਜਥੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਬਹੁਤ ਹੀ ਚੰਗਾ ਅਤੇ ਨੇਕ ਇਨਸਾਨ ਸੀ ਪਿੰਡ ਰਹਿੰਦਾ ਹੋਇਆ ਉਹ ਪਿੰਡ ਦੇ ਹਰ ਕੰਮਕਾਜ ਵਿੱਚ ਹਮੇਸ਼ਾ ਵੱਧ ਚੜ ਕੇ ਹਿੱਸਾ ਪਾਉਂਦਾ ਸੀ।ਅੱਜ ਉਸਦੀ ਬੇਬਕਤੀ ਮੌਤ ਨਲ ਜਿੱਥੇ ਪਰਿਵਾਰ ਨੂੰ ਨਾ ਸਹਿਣ ਵਾਲਾ ਘਾਟਾ ਪਿਆ ਹੈ ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਉਪਰਾਲਾ ਕਰਕੇ ਉਸਦੀ ਲਾਸ਼ ਉਸਦੇ ਜੱਦੀ ਪਿੰਡ ਪਠਲਾਵਾ ਪਹੁੰਚਾ ਦੇਵੇ ਤਾਂ ਕਿ ਪਰਿਵਾਰ ਦੇ ਉਸਦੇ ਅੰਤਿਮ ਦਰਸ਼ਨ ਕਰਕੇ ਉਸਦਾ ਸੰਸਕਾਰ ਕਰ ਸਕਣ।