106 youth selected for job ਕਪੂਰਥਲਾ : ਕੋਵਿਡ-19 ਮਹਾਂਮਾਰੀ ਨੂੰ ਹਰਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਨੂੰ ਅੱਗੇ ਵਧਾਉਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਵੱਲੋਂ ਲਾਕਡਾੳੂਨ ਦੌਰਾਨ 106 ਨੌਜਵਾਨਾਂ ਦੀ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਵਿਚ ਸਿਲੈਕਸ਼ਨ ਕਰਵਾਈ ਗਈ। ਇਨਾਂ ਨੌਜਵਾਨਾਂ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਉਨਾਂ ਇਸ ਮੁਹਿੰਮ ਵਿਚ ਸ਼ਾਮਿਲ ਨਿਯੋਜਕ ਰਿਲਾਇੰਸ ਨਿਪੋਨ ਤੋਂ ਸ੍ਰੀ ਰਾਜਨ ਸ਼ਰਮਾ, ਸੀ. ਐਸ. ਸੀ ਤੋਂ ਸ੍ਰੀ ਅੰਕੁਸ਼ ਕੁਮਾਰ ਅਤੇ ਐਸ. ਆਈ. ਐਸ ਤੋਂ ਸੰਤੋਖ ਸਿੰਘ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਇਸੇ ਤਰਾਂ ਉਨਾਂ ਕੋਵਿਡ-19 ਦੇ ਮੱਦੇਨਜ਼ਰ ਲਗਾਏ ਲਾਕਡਾੳੂਨ ਦੌਰਾਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਤੋਂ ਸਾਫਟ ਸਕਿੱਲਜ਼ ਦਾ ਕੋਰਸ ਮੁਕੰਮਲ ਕਰਨ ਵਾਲੇ 134 ਪ੍ਰਾਰਥੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਲਾਕਡਾਊਨ ਦੌਰਾਨ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਹੋਣ ਕਰਕੇ ਵਿਦਿਆਰਥੀਆਂ ਦਾ ਵਡਮੁੱਲਾ ਸਮਾਂ ਵਿਅਰਥ ਜਾ ਰਿਹਾ ਸੀ। ਇਸ ਦੌਰਾਨ ਅਜਿਹੇ ਪ੍ਰਾਰਥੀ, ਜੋ ਆਪਣੇ ਗਿਆਨ ਅਤੇ ਹੁਨਰ ਵਿਚ ਵਾਧਾ ਕਰਨਾ ਚਾਹੁੰਦੇ ਸਨ, ਉਨਾਂ ਨੂੰ ਬਿੳੂਰੋ ਵੱਲੋਂ ਇਹ ਕੋਰਸ ਕਰਵਾਇਆ ਗਿਆ, ਜਿਸ ਵਿਚ ਉਨਾਂ ਨੂੰ ਇੰਟਰਵਿੳੂ ਸਕਿੱਲ, ਕਮਿੳੂਨੀਕੇਸ਼ਨ ਸਕਿੱਲ ਅਤੇ ਪਰਸਨੈਲਿਟੀ ਡਿਵੈਲਪਮੈਂਟ ’ਤੇ ਆਨਲਾਈਨ ਟ੍ਰੇਨਿੰਗ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪ੍ਰਾਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਕੇ ਜੀਵਨ ਵਿਚ ਉੱਚ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਪਾਲ ਆਂਗਰਾ, ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ ਤੋਂ ਇਲਾਵਾ ਪਲੇਸਮੈਂਟ ਅਫ਼ਸਰ ਅਤੇ ਕੈਰੀਅਰ ਕਾਊਸਲਰ ਮੌਜੂਦ ਸਨ।