DC reviewed progress of development: ਕਪੂਰਥਲਾ, 12 ਜੂਨ : ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਜ਼ਿਲੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਦੌਰਾਨ ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜ਼ਿਲੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਜਲਦ ਮੁਕੰਮਲ ਕਰਨਾ ਯਕੀਨੀ ਬਣਾਉਣ। ਉਨਾਂ ਅਧਿਕਾਰੀਆਂ ਨੂੰ ਲੋਕਾਂ ਦੀ ਭਲਾਈ ਲਈ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਦੀ ਨਿੱਜੀ ਤੌਰ ’ਤੇ ਨਜ਼ਰਸਾਨੀ ਕਰਨ ਦੀ ਵੀ ਹਦਾਇਤ ਕੀਤੀ। ਉਨਾਂ ਕਿਹਾ ਕਿ ਵਿਕਾਸ ਕਾਰਜਾਂ ਅਤੇ ਸਕੀਮਾਂ ਦਾ ਨਿਰੰਤਰ ਮੁਲਾਂਕਣ ਕੀਤਾ ਜਾਵੇ ਅਤੇ ਜਿਥੇ ਕਿਤੇ ਕਮੀ-ਪੇਸ਼ੀ ਜਾਂ ਅੜਚਣ ਆਵੇ, ਤੁਰੰਤ ਉਨਾਂ ਦੇ ਧਿਆਨ ਵਿਚ ਲਿਆਂਦੀ ਜਾਵੇ ਤਾਂ ਜੋ ਇਸ ਦਾ ਢੁਕਵਾਂ ਹੱਲ ਕੱਢਿਆ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦੇ ਲਾਭ ਲੋੜਵੰਦ ਲੋਕਾਂ ਤੱਕ ਹਰ ਹਾਲ ਵਿਚ ਪਾਰਦਰਸ਼ੀ ਢੰਗ ਨਾਲ ਪਹੁੰਚਣੇ ਜ਼ਰੂਰੀ ਹਨ ਅਤੇ ਇਸ ਸਬੰਧੀ ਕਿਸੇ ਵੀ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਹਦਾਇਤ ਕੀਤੀ ਕਿ ਵੱਖ-ਵੱਖ ਮੱਦਾਂ ਅਧੀਨ ਬਕਾਇਆ ਪਏ ਕੇਸਾਂ ਅਤੇ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ। ਉਨਾਂ ਹਦਾਇਤ ਕੀਤੀ ਕਿ ਮਾਨਸੂਨ ਤੋਂ ਪਹਿਲਾਂ ਸੜਕਾ ਦੇ ਕੰਮ ਮੁਕੰਮਲ ਕੀਤੇ ਜਾਣ।
ਇਸ ਦੌਰਾਨ ਉਨਾਂ ਵੱਖ-ਵੱਖ ਵਿਕਾਸ ਕਾਰਜ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਅਰਬਨ-ਰੂਰਲ ਮਿਸ਼ਨ, ਅਵਾਸ ਯੋਜਨਾ, ਮਨਰੇਗਾ, ਸਵੱਛ ਭਾਰਤ ਮਿਸ਼ਨ (ਓ. ਡੀ. ਐਫ), ਆਸ਼ੀਰਵਾਦ ਸਕੀਮ, ਆਟਾ-ਦਾਲ ਸਕੀਮ, ਮਗਨਰੇਗਾ ਅਤੇ ਸਮਾਰਟ ਵਿਲੇਜ ਕੰਪੇਨ ਆਦਿ ਦੀ ਸਮੀਖਿਆ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡੀ. ਪੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਉੱਪ ਅਰਥ ਤੇ ਅੰਕੜਾ ਸਲਾਹਕਾਰ ਮੈਡਮ ਰਾਣੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸਮੂਹ ਈ. ਓਜ਼, ਬੀ. ਡੀ. ਪੀ. ਓਜ਼, ਐਕਸੀਅਨ ਅਤੇ ਐਸ. ਡੀ. ਓਜ਼ ਹਾਜ਼ਰ ਸਨ ਜਦਕਿ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ੍ਰੀ ਰਾਜੀਵ ਵਰਮਾ, ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਐਸ. ਡੀ. ਐਮ ਭੁਲੱਥ ਸ. ਰਣਦੀਪ ਸਿੰਘ ਹੀਰ ਅਤੇ ਐਸ. ਡੀ. ਐਮ ਫਗਵਾੜਾ ਸ੍ਰੀ ਪਵਿੱਤਰ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਵਿਚ ਸ਼ਿਰਕਤ ਕੀਤੀ।