Deputy Registrar Cooperative: ਕਪੂਰਥਲਾ: ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਦੀ ਸੁਚੱਜੀ ਅਗਵਾਈ ਹੇਠ ਅਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਸ. ਯੋਧਵੀਰ ਸਿੰਘ ਦੇ ਸਹਿਯੋਗ ਨਾਲ ਬਲਾਕ ਵਿਚਲੀਆਂ ਸਮੂਹ ਸਹਿਕਾਰੀ ਸੇਵਾਵਾਂ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਵਧੀਆ ਕਾਰਗੁਜਾਰੀ ਦਿਖਾਈ ਗਈ। ਇਸੇ ਤਹਿਤ ਭਾਣੋਲੰਗਾ ਸਹਿਕਾਰੀ ਸਭਾ ਵੱਲੋਂ ਇੰਸਪੈਕਟਰ ਸ. ਮਨਮੀਤ ਸਿੰਘ ਦੀ ਅਗਵਾਈ ਵਿਚ ਸਭਾ ਵੱਲੋਂ ਉਸ ਦੇ ਦਾਇਰੇ ਵਿਚ ਆਉਂਦੇ ਪਿੰਡਾਂ ਦੇ ਲੋਕਾਂ ਦੇ ਨਾਲ-ਨਾਲ ਇਲਾਕੇ ਵਿਚ ਘਰ-ਘਰ ਜਾ ਕੇ ਇਸ ਚੁਨੌਤੀ ਪੂਰਨ ਸਮੇਂ ਵਿਚ 3,68,322 ਰੁਪਏ ਦੀਆਂ ਜ਼ਰੂਰੀ ਵਸਤਾਂ, ਜਿਵੇਂ ਆਟਾ, ਦਾਲਾਂ, ਚਾਵਲ, ਤੇਲ, ਘਿਓ, ਖੰਡ, ਚਾਹ ਪੱਤੀ ਆਦਿ, ਵਾਜਬ ਰੇਟਾਂ ’ਤੇ ਮੁਹੱਈਆ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਇਲਾਕੇ ਵਿਚਲੀਆਂ ਡੇਅਰੀਆਂ ਵਾਲਿਆਂ ਅਤੇ ਹੋਰਨਾਂ ਦੁੱਧ ਦਾ ਕੰਮ ਕਰਨ ਵਾਲਿਆਂ ਨੂੰ 97 ਹਜ਼ਾਰ ਰੁਪਏ ਦੇ ਕਰੀਬ ਕੈਟਲ ਫੀਡ ਅਤੇ ਮਿਨਰਲ ਮਿਕਸਚਰ ਮੁਹੱਈਆ ਕਰਵਾਇਆ ਗਿਆ। ਸਭਾ ਦੇ ਸਟਾਫ ਸ. ਬਲਵਿੰਦਰ ਸਿੰਘ ਸਕੱਤਰ ਅਤੇ ਸ. ਹਰਕੀਰਤ ਸਿੰਘ ਸੇਲਜ਼ਮੈਨ ਦੀ ਅਣਥੱਕ ਮਿਹਨਤ ਨਾਲ ਕਿਸਾਨਾਂ ਨੂੰ ਖਾਦ, ਕੀਟ ਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ ਵੀ ਘਰ-ਘਰ ਜਾ ਕੇ ਮੁਹੱਈਆ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਸਭਾ ਵੱਲੋਂ ਝੋਨੇ ਦੇ ਸੀਜ਼ਨ ਵਿਚ ਲੇਬਰ ਦੀ ਘਾਟ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ, ਜਿਸ ਲਈ ਜ਼ਮੀਨ ਪੱਧਰੀ ਕਰਨਲਈ ਲੇਜ਼ਰ ਲੈਵਲਰ ਬਹੁਤ ਹੀ ਵਾਜਬ ਰੇਟਾਂ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ।