Father seen on road in cold: ਦਿੱਲੀ-ਜੈਪੁਰ ਹਾਈਵੇਅ 48 ਦੇ ਹਰਿਆਣਾ-ਰਾਜਸਥਾਨ ਬਾਰਡਰ ‘ਤੇ ਰੇਵਾੜੀ ਸਥਿਤ ਖੇੜਾ ਬਾਰਡਰ ‘ਤੇ ਕਿਸਾਨ 15 ਦਿਨਾਂ ਤੋਂ ਕੜਾਕੇ ਦੀ ਠੰਡ ਵਿਚਾਲੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ । ਇਨ੍ਹਾਂ ਕਿਸਾਨਾਂ ਵਿੱਚੋਂ ਇੱਕ ਕਿਸਾਨ ਪੰਜਾਬ ਦੇ ਕਪੂਰਥਲਾ ਦੇ ਮਕਸੂਦਪੁਰ ਦਾ ਵਸਨੀਕ ਸਤਨਾਮ ਸਿੰਘ ਵੀ ਹੈ। ਐਤਵਾਰ ਨੂੰ ਸਤਨਾਮ ਸਿੰਘ ਕਿਸਾਨਾਂ ਨੂੰ ਗਰਮ ਕੱਪੜੇ ਵੰਡਦੇ ਹੋਏ ਦਿਖਾਈ ਦਿੱਤੇ।
ਇਸ ਬਾਰੇ ਜਦੋਂ ਸਤਨਾਮ ਨੂੰ ਪੁੱਛਿਆ ਗਿਆ ਕਿ ਇਹ ਕੱਪੜੇ ਕਿੱਥੋਂ ਆਏ ਹਨ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਧੀਆਂ ਗੁਰਪ੍ਰੀਤ ਕੌਰ ਅਤੇ ਤਲਵਿੰਦਰ ਕੌਰ ਅਮਰੀਕਾ ਵਿੱਚ ਰਹਿੰਦੀਆਂ ਹਨ। ਜਦੋਂ ਉਨ੍ਹਾਂ ਨੇ ਮੈਨੂੰ ਠੰਡ ਵਿਚਾਲੇ ਧਰਨੇ ‘ਤੇ ਬੈਠੇ ਵੇਖਿਆ ਤਾਂ ਉਨ੍ਹਾਂ ਨੇ 10 ਲੱਖ ਰੁਪਏ ਦੇ ਗਰਮ ਕੱਪੜੇ ਭੇਜ ਦਿੱਤੇ। ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਧੀਆਂ ਦਾ ਕਹਿਣਾ ਹੈ ਕਿ ਖੇਤੀ ਦੀ ਬਦੌਲਤ ਹੀ ਉਹ ਅੱਜ ਅਮਰੀਕਾ ਵਿੱਚ ਹਨ, ਅਜਿਹੇ ਵਿੱਚ ਅੱਜ ਜਦੋਂ ਕਿਸਾਨ ਪਿਤਾ ਮੁਸੀਬਤ ਵਿੱਚ ਹਨ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਸਹਾਇਤਾ ਕਰੀਏ । ਸਤਨਾਮ ਸਿੰਘ ਨੇ ਸਾਰੇ ਕਿਸਾਨਾਂ ਨੂੰ ਟਰੱਕ ਵਿੱਚ ਭਰ ਕੇ ਭੇਜੇ ਗਏ ਗਰਮ ਕੱਪੜੇ ਵੰਡੇ ਤਾਂ ਜੋ ਖੇਤੀ ਨੂੰ ਬਚਾਉਣ ਲਈ ਚੱਲ ਰਹੇ ਅੰਦੋਲਨ ਵਿੱਚ ਬੈਠੇ ਕਿਸਾਨ ਠੰਡ ਤੋਂ ਬਚ ਸਕਣ।
ਇਸ ਤੋਂ ਅੱਗੇ ਸਤਨਾਮ ਨੇ ਦੱਸਿਆ ਕਿ ਉਸਨੇ ਖੇਤੀ ਤੋਂ ਕੀਤੀ ਗਈ ਕਮਾਈ ਤੋਂ ਹੀ ਆਪਣੀਆਂ ਧੀਆਂ ਨੂੰ ਅਮਰੀਕਾ ਭੇਜਿਆ ਸੀ। ਅੱਜ ਉਸਦੀਆਂ ਦੋਵੇਂ ਧੀਆਂ ਉੱਥੇ ਸੈਟਲਡ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨਗੀਆਂ । ਹਰਿਆਣਾ-ਰਾਜਸਥਾਨ ਬਾਰਡਰ ‘ਤੇ ਰਾਜਸਥਾਨ, ਪੰਜਾਬ, ਗੁਜਰਾਤ, ਮਹਾਂਰਾਸ਼ਟਰ ਸਮੇਤ ਕਈ ਰਾਜਾਂ ਦੇ ਕਿਸਾਨ ਧਰਨੇ ‘ਤੇ ਬੈਠੇ ਹਨ ।