Jalandhar 25230 corona tests: ਜਲੰਧਰ: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਸਿਹਤ ਵਿਭਾਗ ਦੀਆਂ 80 ਟੀਮਾਂ ਵਲੋਂ ਘਰ-ਘਰ ਸਰਵੇ ਦੌਰਾਨ 5303 ਘਰਾਂ ਵਿੱਚ ਜਾ ਕੇ 25230 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ.ਗੁਰਿੰਦਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਸਿਵਲ ਹਸਪਤਾਲ ਡਾ.ਹਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹ ਸਰਵੇ ਲਗਾਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਦੌਰਾਨ ਸਿਹਤ ਟੀਮਾਂ ਘਰਾਂ ਵਿੱਚ ਜਾ ਕੇ ਲੋਕਾਂ ਦੀ ਸਕਰੀਨਿੰਗ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਨੂੰ ਕੋਰੋਨਾ ਮੁਕਤ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਸਿਵਲ ਸਰਜਨ ਅਤੇ ਮੈਡੀਕਲ ਸੁਪਰਡੰਟ ਨੇ ਦੱਸਿਆ ਕਿ ਹੁਣ ਤੱਕ 9284 ਲੋਕਾਂ ਨੂੰ ਕੋਰੋਨਾ ਵਾਇਰਸ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਉਣ ਕਰਕੇ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ ਜਿਸ ਵਿਚੋਂ 8690 ਲੋਕਾਂ ਨੇ ਸਫ਼ਲਤਾ ਪੂਰਵਕ 14 ਦਿਨ ਦਾ ਇਕਾਂਤਵਾਸ ਦਾ ਸਮਾਂ ਪੂਰਾ ਕਰ ਲਿਆ ਹੈ ਅਤੇ 594 ਲੋਕਾਂ ਦਾ ਇਕਾਂਤਵਾਸ ਸਮਾਂ ਚੱਲ ਰਿਹਾ ਹੈ। ਸਿਵਲ ਸਰਜਨ ਅਤੇ ਮੈਡੀਕਲ ਸੁਪਰਡੰਟ ਨੇ ਜ਼ਿਲ੍ਹੇ ਵਿੱਚ ਕੋਵਿਡ-19 ਮਰੀਜ਼ਾਂ ਦੀ ਪਹਿਚਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁਣ ਤੱਕ 10246 ਸ਼ੱਕੀ ਮਰੀਜ਼ਾਂ ਦੇ ਗਲੇ ਰਾਹੀਂ ਟੈਸਟ ਲਏ ਜਾ ਚੁੱਕੇ ਹਨ । ਉਨ੍ਹਾਂ ਦੱਸਿਆ ਕਿ 9210 ਸੈਂਪਲਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ ਜਦਕਿ 560 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਤਾਰ ਅਣਥੱਕ ਯਤਨ ਕੀਤੇ ਜਾ ਰਹੇ ਹਨ।