Jalandhar coronavirus update : ਬੀਤੇ ਸਾਲ ਵਿੱਚ ਕੁੱਝ ਅਜਿਹਾ ਹੋਇਆ ਜਿਸ ਦੀ ਕਲਪਨਾ ਸ਼ਾਇਦ ਕਿਸੇ ਨੇ ਵੀ ਨਹੀਂ ਕੀਤੀ ਸੀ। ਕੋਰੋਨਾ ਵਾਇਰਸ ਦੇ ਕਾਰਨ ਪਿੱਛਲੇ ਸਾਲ ਸਮੁੱਚੇ ਵਿਸ਼ਵ ’ਚ ਆਮ ਲੋਕਾਂ ਦਾ ਜੀਵਨ ਠੱਪ ਹੋ ਗਿਆ ਸੀ। ਕਿਸੇ ਨੂੰ ਕੁੱਝ ਵੀ ਸਮਝ ਨਹੀਂ ਆ ਰਹੀ ਕਿ ਹੁਣ ਕੀ ਕੀਤਾ ਜਾਵੇ। ਇਸ ਮਹਾਮਾਰੀ ਨੇ ਭਾਰਤ ਵਿੱਚ ਵੀ ਕਾਫੀ ਕਹਿਰ ਮਚਾਇਆ ਸੀ। ਇਸ ਵਾਇਰਸ ਕਾਰਨ ਲੋਕ ਆਪਣੇ ਘਰਾਂ ‘ਚ ਕੈਦ ਹੋਣ ਲਈ ਮਜ਼ਬੂਰ ਹੋ ਗਏ ਸੀ। ਪਿੱਛਲੇ ਕੁੱਝ ਮਹੀਨਿਆਂ ਤੋਂ ਭਾਵੇ ਫਿਰ ਜਨਜੀਵਨ ਵਾਪਿਸ ਪਟੜੀ ‘ਤੇ ਆ ਰਿਹਾ ਹੈ। ਪਰ ਇਸ ਵਿਚਕਾਰ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਅਜੇ ਵੀ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਸਮੇ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਦਾ ਸ਼ਿਕਾਰ ਬਣ ਰਹੇ ਹਨ।
ਲੱਗਭਗ 6 ਮਹੀਨਿਆਂ ਬਾਅਦ, ਪਹਿਲੀ ਵਾਰ 242 ਨਵੇਂ ਸਕਾਰਾਤਮਕ ਮਾਮਲੇ ਇਕੱਠੇ ਸਾਹਮਣੇ ਆਏ ਹਨ ਜਿਸ ਕਾਰਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਵੀਰਵਾਰ ਨੂੰ ਪੰਜ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਨਵੇਂ ਮਰੀਜ਼ਾਂ ਵਿੱਚ ਪੁਲਿਸ ਮੁਲਾਜ਼ਮ ਅਤੇ ਵਿਦਿਆਰਥੀ ਸ਼ਾਮਿਲ ਹਨ। ਤਾਜ਼ਾ ਕੇਸਾਂ ਵਿੱਚ 87 ਵਿਦਿਆਰਥੀ ਸ਼ਾਮਿਲ ਹਨ। ਇਸ ਵਿੱਚ ਸਕੂਲਾਂ ਦੇ ਸਟਾਫ ਮੈਂਬਰ ਵੀ ਸ਼ਾਮਿਲ ਹਨ। ਫਿਲੌਰ ਖੇਤਰ ਦੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਟੀਕਾਕਰਨ ਦਾ ਦੂਜਾ ਪੜਾਅ 1 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਇਸ ਪੜਾਅ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਟੀਕਾਕਰਨ ਲਈ ਲੋਕ ਕੋਵਿਨ ਟੂ-ਪੁਆਇੰਟ ਜ਼ੀਰੋ ਪੋਰਟਲ ਜਾਂ ਅਰੋਗਿਆ ਸੇਤੂ ਵਰਗੇ ਐਪਸ ‘ਤੇ ਰਜਿਸਟਰ ਕਰ ਰਹੇ ਹਨ।