Jalandhar Police issues complaint : ਜਲੰਧਰ : ਕੋਰੋਨਾ ਵਾਇਰਸ ਦੇ ਜ਼ਿਲੇ ਵਿਚ ਵਧਦੇ ਮਾਮਲਿਆਂ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਜਨਤਕ ਥਾਵਾਂ ’ਤੇ ਥੁੱਕਣ, ਮਾਸਕ ਨਾ ਪਹਿਨਣ, ਕੁਆਰੰਟਾਈਨ ਦੀ ਉਲੰਘਣਾ ਕਰਨ ਸਣੇ ਹੋਰ ਕਈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਾਲਾਨ ਕੱਟ ਕੇ ਜੁਰਮਾਨਾ ਵਸੂਲਿਆ ਜਾ ਰਿਹਾ ਹੈ ਪਰ ਫਿਰ ਵੀ ਕਈ ਲੋਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਜ਼ ਨਹੀਂ ਆ ਰਹੇ ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਇਕ ਸ਼ਿਕਾਇਤ ਨੰਬਰ 95929-18502 ਜਾਰੀ ਕੀਤਾ ਗਿਆ ਹੈ, ਜਿਥੇ ਕੋਈ ਵੀ ਵਿਅਕਤੀ ਜੇਕਰ ਕਿਸੇ ਨੂੰ ਕੋਵਿਡ-19 ਦੀ ਉਲੰਘਣਾ ਕਰਦਿਆਂ ਦੇਖਦਾ ਹੈ ਤਾਂ ਉਹ ਇਥੇ ਫੋਨ ਕਰਕੇ ਸ਼ਿਕਾਇਤ ਸਕਦੀ ਹੈ, ਜਿਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਵਿਚ ਗਲੀ-ਮੁਹੱਲਿਆਂ ਤੇ ਤੰਗ ਬਾਜ਼ਾਰਾਂ ਵਿਚ ਪੁਲਿਸ ਦਾ ਪਹੁੰਚਣਾ ਸੰਭਵ ਨਹੀਂ ਹੋ ਪਾਉਂਦਾ, ਜਿਸ ਦੇ ਚੱਲਦਿਆਂ ਇਸ ਕੰਪਲੇਂਟ ਨੰਬਰ ਰਾਹੀਂ ਲੋਕ ਆਪਣੀ ਗੱਲ ਪੁਲਿਸ ਤੱਕ ਪਹੁੰਚਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਨੰਬਰ ਕੀਤੀ ਗਈ ਸ਼ਿਕਾਇਤ ਸਿੱਧੇ ਉਨ੍ਹਾਂ ਤੱਕ ਪਹੁੰਚੇਗੀ। ਜੇਕਰ ਕਿਤੇ ਭੀੜ ਇਕੱਠੀ ਹੋਵੇ, ਕੋਈ ਵਿਅਕਤੀ ਜਨਤਕ ਸਥਾਨ ’ਤੇ ਥੁੱਕ ਰਿਹਾ ਹੋਵੇ ਜਾਂ ਫਿਰ ਬਿਨਾਂ ਮਾਸਕ ਦੇ ਘੁੰਮ ਰਿਹਾ ਹੋਵੇ ਤਾਂ ਇਸ ਨੰਬਰ ’ਤੇ ਫੋਨ ਕਰਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਵੀਡੀਓ ਜਾਂ ਫੋਟੋ ਦੇ ਆਧਾਰ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਨਿਯਮਾਂ ਦੀ ਉਲੰਘਣਾ ਕਰਕੇ ਨਾ ਸਿਰਫ ਲੋਕ ਆਪਣੀ ਜਾਨ ਨੂੰ, ਸਗੋਂ ਦੂਸਰੇ ਦੀ ਜਾਨ ਨੂੰ ਵੀ ਖਤਰੇ ਵਿਚ ਪਾ ਰਹੇ ਹਨ। ਅਜਿਹੇ ਲੋਕਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।