Kapurthala farmer potato crop: ਪੰਜਾਬ ਦੇ ਕਪੂਰਥਲਾ ਵਿੱਚ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਆਲੂਆਂ ਦੀ ਫਸਲ ਤਬਾਹ ਕਰ ਦਿੱਤੀ । ਇਸ ਕਿਸਾਨ ਦਾ ਕਹਿਣਾ ਹੈ ਕਿ ਉਸਨੂੰ ਆਲੂ ਦੀਆਂ ਬਹੁਤ ਘੱਟ ਕੀਮਤਾਂ ਮਿਲ ਰਹੀਆਂ ਸਨ । ਜਿਸ ਕਾਰਨ ਮਜ਼ਬੂਰਨ ਉਸਨੂੰ ਆਪਣੇ 11 ਏਕੜ ਵਾਲੇ ਖੇਤ ਵਿੱਚ ਬੀਜੀ ਫਸਲ ’ਤੇ ਟਰੈਕਟਰ ਚਲਾਉਣਾ ਪਿਆ । ਪੰਜਾਬ ਦੇ ਦੁਆਬਾ ਖਾਸ ਕਰਕੇ ਕਪੂਰਥਲਾ ਅਤੇ ਜਲੰਧਰ ਵਿੱਚ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ। ਆਲੂ ਦੀ ਫਸਲ ਇਨ੍ਹੀਂ ਦਿਨੀਂ ਤਿਆਰ ਹੈ। ਕਿਸਾਨਾਂ ਨੂੰ ਆਲੂ ਦੇ ਵਿਕਣ ਦੀ ਉਡੀਕ ਹੈ, ਤਾਂ ਜੋ ਉਨ੍ਹਾਂ ਦੀ ਲਾਗਤ ਨਿਕਲ ਸਕੇ ਅਤੇ ਆਮਦਨੀ ਹੋ ਸਕੇ। ਪਰ ਆਲੂ ਵਿਕਣ ਦਾ ਇੰਤਜ਼ਾਰ ਕਰ ਰਹੇ ਕਪੂਰਥਲਾ ਦੇ ਕਿਸਾਨ ਉਦਾਸ ਹਨ ।
ਇਸ ਮਾਮਲੇ ਵਿੱਚ ਕਪੂਰਥਲਾ ਦੇ ਇੱਕ ਨੌਜਵਾਨ ਕਿਸਾਨ ਜਸਕੀਰਤ ਸਿੰਘ ਅਨੁਸਾਰ ਆਲੂਆਂ ਦੀਆਂ ਕੀਮਤਾਂ ਵਿੱਚ ਕਾਫ਼ੀ ਗਿਰਾਵਟ ਆਈ ਹੈ । ਮੰਡੀ ਵਿੱਚ ਕਿਸਾਨਾਂ ਨੂੰ ਆਲੂ ਦਾ ਉਚਿਤ ਭਾਅ ਨਹੀਂ ਮਿਲ ਰਿਹਾ ਹੈ। ਇਸ ਤੋਂ ਨਿਰਾਸ਼ ਹੋ ਕੇ ਜਸਕੀਰਤ ਨੇ ਆਪਣੀ 11 ਏਕੜ ਆਲੂ ਦੀ ਫਸਲ ‘ਤੇ ਟਰੈਕਟਰ ਚਲਾ ਦਿੱਤਾ। ਕਿਸਾਨਾਂ ਅਨੁਸਾਰ ਆਲੂ ਦੀ ਫਸਲ ਪ੍ਰਤੀ ਏਕੜ ਵਿੱਚ 60 ਹਜ਼ਾਰ ਰੁਪਏ ਖ਼ਰਚਾ ਆਉਂਦਾ ਹੈ । ਇੱਥੇ ਕੁਝ ਦਿਨਾਂ ਵਿੱਚ ਆਲੂ ਦੀ ਕੀਮਤ ਅੱਧੀ ਰਹਿ ਗਈ । ਇਸ ਕਾਰਨ ਉਸ ਨੂੰ ਪ੍ਰਤੀ ਏਕੜ ਤਕਰੀਬਨ 25000 ਰੁਪਏ ਦੀ ਲਾਗਤ ਨਾਲ ਘਾਟਾ ਵੀ ਝੱਲਣਾ ਪੈ ਰਿਹਾ ਹੈ । ਜਸਕੀਰਤ ਨੇ ਕਿਹਾ ਕਿ ਜੇ ਉਹ ਖੇਤਾਂ ਵਿਚੋਂ ਆਲੂਆਂ ਨੂੰ ਬਾਜ਼ਾਰ ਵਿੱਚ ਲਿਜਾਣ ਦਾ ਫ਼ੈਸਲਾ ਕਰਦਾ ਹੈ, ਤਾਂ ਉਸ ਨੂੰ ਮਜ਼ਦੂਰੀ ਅਤੇ ਢੋਆ-ਢੁਆਈ ਦੇ ਹੋਰ ਖਰਚੇ ਲੱਗਣਗੇ, ਜਿਸ ਨਾਲ ਉਸਦਾ ਨੁਕਸਾਨ ਹੋਰ ਵਧੇਗਾ। ਇਸ ਲਈ ਉਸਨੇ ਖੇਤਾਂ ਵਿੱਚ ਹੀ ਆਲੂਆਂ ਨੂੰ ਖਤਮ ਕਰਨਾ ਸਹੀ ਸਮਝਿਆ।
ਉੱਥੇ ਹੀ ਦੂਜੇ ਇੱਕ ਹੋਰ ਕਿਸਾਨ ਦੇ ਅਨੁਸਾਰ ਜੇ ਹਾਲਾਤ ਇਹੀ ਰਹੇ, ਤਾਂ ਉਨ੍ਹਾਂ ਨੂੰ ਆਲੂ ਦੀ ਫਸਲ ਬੀਜਣ ਬਾਰੇ ਸੋਚਣਾ ਪਵੇਗਾ । ਕਿਸਾਨਾਂ ਦੀ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਹੈ ਕਿ ਕਿਸਾਨ 4 ਤੋਂ 6 ਮਹੀਨਿਆਂ ਦੀ ਖੇਤੀ ਦੇ ਬਾਵਜੂਦ ਵੀ ਆਪਣੀ ਲਾਗਤ ਵਸੂਲ ਨਹੀਂ ਕਰ ਪਾਉਂਦਾ, ਜਦੋਂਕਿ ਵਪਾਰੀ ਕੁਝ ਘੰਟਿਆਂ ਦੀ ਹੇਰਾਫੇਰੀ ਵਿੱਚ ਕਈ ਗੁਣਾ ਮੁਨਾਫਾ ਕਮਾ ਲੈਂਦਾ ਹੈ । ਦੱਸ ਦੇਈਏ ਕਿ ਆਲੂ ਦੀ ਫਸਲ ‘ਤੇ ਕਿਸਾਨਾਂ ਨੂੰ MSP ਨਹੀਂ ਮਿਲਦੀ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੁਝ ਅਜਿਹੇ ਉਪਾਅ ਕਰਨ ਤਾਂ ਜੋ ਕਿਸਾਨਾਂ ਨੂੰ ਘੱਟੋ-ਘੱਟ ਖਰਚਾ ਮਿਲ ਸਕੇ।
ਇਹ ਵੀ ਦੇਖੋ: ਪਹਿਲੀ ਗੱਲ ਕਾਨੂੰਨ ਰੱਦ ਕਰਵਾਉਣੇ, ਫਿਰ ਦੂਜੀ ਗੱਲ ਕਰੇ Modi ਸਰਕਾਰ : ਰਾਜੇਵਾਲ