ਕਪੂਰਥਲਾ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਵਿਭਾਗ ਹਰ ਤਰਾਂ ਨਾਲ ਇਸ ਮਹਾਂਮਾਰੀ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕਰਦਿਆਂ ਦੱਸਿਆ ਕਿ ਕੇਂਦਰੀ ਜੇਲ ਕਪੂਰਥਲਾ ਵਿਚ ਰਹਿ ਰਹੇ ਕੈਦੀਆਂ ਦੀ ਸਿਹਤ ਨੂੰ ਲੈ ਕੇ ਸਿਹਤ ਵਿਭਾਗ ਪੂਰੀ ਤਰਾਂ ਚੌਕਸ ਹੈ ਅਤੇ ਜੇਲ ਵਿਚ ਹਰ ਤਰਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ, ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਬਚਾਅ ਹੋ ਸਕੇ। ਉਨਾਂ ਦੱਸਿਆ ਕਿ ਜੇਲ ਵਿਚ ਮੈਡੀਕਲ ਅਫ਼ਸਰਾਂ ਅਤੇ ਫਾਰਮਾਸਿਸਟਾਂ ਨੂੰ ਸੈਂਪਲ ਲੈਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਰੋਜ਼ਾਨਾ ਪੂਲ ਸੈਂਪਲਿੰਗ ਕੀਤੀ ਜਾ ਸਕੇ ਤਾਂ ਕਿ ਕੋਈ ਵੀ ਸ਼ੱਕੀ ਮਰੀਜ਼ ਨਾ ਰਹਿ ਜਾਵੇ ਅਤੇ ਜੇਲ ਵਿਚ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ ਜੇਲ ਵਿਚ ਫੀਮੇਲ ਅਤੇ ਮੇਲ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ, ਜਿਨਾਂ ਵਿਚ 20-20 ਬੈੱਡ ਦੀ ਸਹੂਲਤ ਰੱਖੀ ਗਈ ਹੈ। ਇਹੀ ਨਹੀਂ, ਕੋਰੋਨਾ ਤੋਂ ਬਚਾਅ ਸਬੰਧੀ ਹਰ ਤਰਾਂ ਦਾ ਲੌਜਿਸਟਿਕ ਜੇਲ ਵਿਚ ਮੁਹੱਈਆ ਕਰਵਾਇਆ ਗਿਆ ਹੈ। ਉਨਾਂ ਹਿਹ ਵੀ ਦੱਸਿਆ ਕਿ ਜੇਲ ਦੇ ਪ੍ਰਵੇਸ਼ ਦੁਆਰ ਅਤੇ ਹਰੇਕ ਬੈਰਕ ਦੀ ਐਂਟਰੈਂਸ ’ਤੇ ਹੱਥ ਧੋਣ ਅਤੇ ਸੈਨੀਟਾਈਜ਼ਰ ਦੀ ਸਹੂਲਤ ਹੈ ਤਾਂ ਜੋ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਹੱਥ ਸਾਫ਼ ਕੀਤੇ ਜਾ ਸਕਣ। ਇਹੀ ਨਹੀਂ, ਜੇਲ ਵਿਚ ਇਹ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਕੋਈ ਵੀ ਵਿਅਕਤੀ ਬਗੈਰ ਮਾਸਕ ਦੇ ਨਾ ਰਹੇ। ਮੈਡੀਕਲ ਸਟਾਫ ਨੂੰ ਹਦਾਇਤਾਂ ਹਨ ਕਿ ਉਹ ਗਾੳੂਨ, ਮਾਸਕ, ਗਲੱਵਜ਼ ਆਦਿ ਪਾ ਕੇ ਰੱਖਣ। ਸਿਵਲ ਸਰਜਨ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਭਨਾਂ ਦਾ ਸਹਿਯੋਗ ਜ਼ਰੂਰੀ ਹੈ ਅਤੇ ਉਹ ਸਹਿਯੋਗ ਸਰਕਾਰ ਵੱਲੋਂ ਕੋਰੋਨਾ ਦੇ ਸਬੰਧ ਵਿਚ ਸਮੇਂ-ਸਮੇਂ ’ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਕੇ ਕੀਤਾ ਜਾ ਸਕਦਾ ਹੈ।