ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਅੱਜ ਨਵਾਂਸ਼ਹਿਰ ਵਿਖੇ ਬਣ ਰਹੇ ਨਵੇਂ ਪਾਸਪੋਰਟ ਸੇਵਾ ਕੇਂਦਰ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਜਲੰਧਰ ਦੇ ਰਿਜਨਲ ਪਾਸਪੋਰਟ ਅਫ਼ਸਰ ਰਾਜ ਕੁਮਾਰ ਬਾਲੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮ. ਪੀ ਤਿਵਾੜੀ ਨੇ ਕਿਹਾ ਕਿ ਇਸ ਪਾਸਪੋਰਟ ਸੇਵਾ ਕੇਂਦਰ ਦੇ ਬਣਨ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨਾਂ ਕਿਹਾ ਕਿ ਨਵਾਂਸ਼ਹਿਰ ਵਿਚ ਪਾਸਪੋਰਟ ਸੇਵਾ ਕੇਂਦਰ ਨਾ ਹੋਣ ਕਾਰਨ ਜ਼ਿਲੇ ਦੇ ਲੋਕਾਂ ਨੂੰ ਪਾਸਪੋਰਟ ਬਣਵਾਉਣ ਜਾਂ ਨਵਿਆਉਣ ਵਾਸਤੇ ਜਲੰਧਰ ਜਾਣਾ ਪੈਂਦਾ ਸੀ ਅਤੇ ਆਉਣ-ਜਾਣ ਦੌਰਾਨ ਉਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨਾਂ ਕਿਹਾ ਕਿ ਜ਼ਿਲਾ ਵਾਸੀਆਂ ਦੀ ਇਸ ਮੁਸਕਲ ਨੂੰ ਦੇਖਦਿਆਂ ਉਨਾਂ ਵਿਦੇਸ਼ ਮੰਤਰੀ ਜੈ ਸ਼ੰਕਰ ਪ੍ਰਸ਼ਾਦ ਨੂੰ ਇਥੇ ਰੂਪਨਗਰ ਵਾਂਗ ਪਾਸਪੋਰਟ ਸੇਵਾ ਕੇਂਦਰ ਸਥਾਪਿਤ ਕਰਨ ਦੀ ਅਪੀਲ ਕੀਤੀ ਸੀ, ਜਿਸ ’ਤੇ ਵਿਦੇਸ਼ ਮੰਤਰਾਲੇ ਵੱਲੋਂ ਮੁੱਖ ਡਾਕ ਘਰ ਨਵਾਂਸ਼ਹਿਰ ਵਿਖੇ ਇਹ ਕੇਂਦਰ ਸਥਾਪਿਤ ਕਰਨ ਨੂੰ ਮਨਜ਼ੂਰੀ ਦਿੱਤੀ ਗਈ।
ਉਨਾਂ ਕਿਹਾ ਕਿ ਪਾਸਪੋਰਟ ਸੇਵਾ ਕੇਂਦਰ ਦੀ ਇਮਾਰਤ 31 ਅਕਤੂਬਰ ਤੱਕ ਬਣ ਕੇ ਤਿਆਰ ਹੋ ਜਾਵੇਗੀ ਅਤੇ 1 ਨਵੰਬਰ ਨੂੰ ਪੰਜਾਬ ਦਿਵਸ ਵਾਲੇ ਦਿਨ ਤੋਂ ਇਥੇ ਕੰਮ ਸ਼ੁਰੂ ਹੋ ਜਾਵੇਗਾ। ਪੰਜਾਬ ਵਿੱਚ ਕਾਂਗਰਸ ਪਾਰਟੀ ਵਿੱਚ ਹੋ ਰਹੇ ਵੱਡੇ ਬਦਲਾਵ ਅਤੇ ਨਵੇਂ ਮੁੱਖ ਮੰਤਰੀ ਦੇ ਚਿਹਰੇ ਦੇ ਪੁੱਛੇ ਸਵਾਲ ਉੱਤੇ ਸਾਂਸਦ ਤਿਵਾੜੀ ਨੇ ਮੀਡੀਆ ਨੂੰ ਇਝ ਕਹਿ ਕੇ ਜਵਾਬ ਦਿੱਤਾ ਕਿ ਇਸ ਦਾ ਕੋਈ ਸਮਾਧਾਨ ਨਿਕਲ ਲੈਣ ਦਿਓ ਮੈ ਖੁੱਦ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਸਵਾਲਾਂ ਦਾ ਜਵਾਬ ਦੇਵੇਗਾ।