During night curfew : ਸੂਬਾ ਸਰਕਾਰ ਵੱਲੋਂ 30 ਅਪ੍ਰੈਲ ਤੱਕ ਨਾਈਟ ਕਰਫਿਊ ਲਗਾਇਆ ਗਿਆ ਹੈ ਤੇ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਥਾਂ-ਥਾਂ ‘ਤੇ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਜਿਲ੍ਹੇ ‘ਚ ਅਮਨ ਤੇ ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ ਪਰ ਕੁਝ ਗਲਤ ਅਨਸਰਾਂ ਵੱਲੋਂ ਪੁਲਿਸ ‘ਤੇ ਹਮਲੇ ਕੀਤੇ ਜਾ ਰਹੇ ਹਨ।
ਅਜਿਹਾ ਹੀ ਇੱਕ ਮਾਮਲਾ ਜਿਲ੍ਹਾ ਜਲੰਧਰ ਵਿਖੇ ਬੀਤੀ ਰਾਤ ਨਾਈਟ ਕਰਫਿਊ ਦੌਰਾਨ ਸਾਹਮਣੇ ਆਇਆ। ਇਥੇ ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਨਾਲ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ। SHO ਦੀ ਵਰਦੀ ‘ਤੇ ਹੱਥ ਪਾਇਆ ਗਿਆ ਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ‘ਚ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਭਾਰਗਵ ਕੈਂਪ ਦੇ ਇੰਚਾਰਜ ‘ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਜ਼ਖਮੀ ਭਗਵੰਤ ਸਿੰਘ ਭੁੱਲਰ ਨੂੰ ਦੇਰ ਰਾਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਰਾਤ ਦੇ ਕਰਫਿਊ ਦੌਰਾਨ ਉਨ੍ਹਾਂ ਦਾ ਨਾਈਟ ਡੋਮੀਨੇਸ਼ਨ ਚੱਲ ਰਿਹਾ ਸੀ ਰਾਤ ਦੇ ਕਰੀਬ 1.30 ਵਜੇ ਜਿਵੇਂ ਹੀ ਉਹ ਮਾਤਾ ਰਾਣੀ ਚੌਕ ਦੇ ਕੋਲ ਪਹੁੰਚਿਆ, ਉਸਨੇ ਕੁਝ ਨੌਜਵਾਨਾਂ ਨੂੰ ਪੁੱਛਗਿਛ ਲਈ ਰੋਕਿਆ ਤਾਂ ਉਨ੍ਹਾਂ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਵਿਚੋਂ ਇਕ ਨੇ ਮੇਰੇ ਮੂੰਹ ਤੇ 2-3 ਮੁੱਕੇ ਮਾਰੇ, ਜਿਸ ਨਾਲ ਮੇਰੀ ਨੱਕ ਵਿਚੋਂ ਖੂਨ ਨਿਕਲਿਆ। ਫਿਰ ਉਨ੍ਹਾਂ ਨੇ ਮੇਰੀ ਛਾਤੀ ਤੇ ਗੋਡਿਆਂ ਆਦਿ ‘ਤੇ ਵੀ ਹਮਲਾ ਕੀਤਾ। ਬਦਮਾਸ਼ਾਂ ਨੇ ਉਸ ਦੇ ਕਾਂਸਟੇਬਲ ਦਾ ਏ ਕੇ 47 ਖੋਹਣ ਦੀ ਕੋਸ਼ਿਸ਼ ਵੀ ਕੀਤੀ। ਬਦਮਾਸ਼ ਦੋ ਕਾਰਾਂ ਵਿਚ ਸਨ। ਹਮਲਾ ਕਰਨ ਵਾਲੇ ਦੋ ਫੜੇ ਗਏ ਹਨ।
ਇਸ ‘ਚ ਸ਼ਾਮਲ ਹੋਰਨਾਂ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਏਸੀਪੀ ਟ੍ਰੈਫਿਕ ਹਰਵਿੰਦਰ ਭੱਲਾ ਨੇ ਦੱਸਿਆ ਕਿ ਉਹ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਚੈਕਿੰਗ ਕਰ ਰਿਹਾ ਸੀ। ਐਸਐਚਓ ਦੀ ਡਿਊਟੀ ਦੁਪਹਿਰ 2 ਵਜੇ ਤੱਕ ਲੱਗੀ ਹੋਈ ਸੀ। ਫਿਰ ਪਤਾ ਲੱਗਿਆ ਕਿ ਇੰਸਪੈਕਟਰ ਭਗਵੰਤ ਭੁੱਲਰ ‘ਤੇ ਹਮਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਦਾ ਪਤਾ ਚੱਲਿਆ ਹੈ ਅਤੇ ਹੁਣ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।