ਤਰਨਤਾਰਨ ‘ਚ ਤੜਕਸਾਰ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਣ ਦੀ ਖਬਰ ਸਾਹਮਣੇ ਆਈ ਹੈ। ਥਾਣਾ ਵਲਟੋਹਾ ਦੀ ਪੁਲਿਸ ‘ਤੇ ਨਾਮੀ ਬਦਮਾਸ਼ ਦੇ ਦੋ ਗੁਰਗਿਆਂ ਨੇ ਗੋਲੀਬਾਰੀ ਕੀਤੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ‘ਚ ਦੋਵੇਂ ਬਦਮਾਸ਼ ਜ਼ਖਮੀ ਹੋ ਗਏ। ਪੁਲਿਸ ਨੇ ਐਨਕਾਊਂਟਰ ਦੌਰਾਨ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਇਨ੍ਹਾਂ ਕੋਲੋਂ ਇੱਕ ਦੇਸੀ 32 ਬੋਰ ਪਿਸਟਲ ਬਰਾਮਦ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਲਟੋਹਾ ਪੁਲਿਸ ਪੈਟਰੋਲਿੰਗ ਦੌਰਾਨ ਪਿੰਡ ਆਸਲ ਡਰੇਨ ‘ਤੇ ਮੌਜੂਦ ਸੀ। ਇਸ ਦੌਰਾਨ ਨਾਮੀ ਬਦਮਾਸ਼ ਦੇ ਦੋ ਗੁਰਗੇ ਜਿਨ੍ਹਾਂ ਵਿੱਚ ਇੱਕ ਦਾ ਨਾਮ ਕਰਮਜੀਤ ਸਿੰਘ ਕਰਨ ਪਿੰਡ ਤੂਤ ਅਤੇ ਗੁਰਲਾਲਜੀਤ ਸਿੰਘ ਵਾਸੀ ਭੰਗਾਲਾ ਇੱਕ ਐਕਟੀਵਾ ਤੇ ਸਵਾਰ ਹੋ ਕੇ ਆ ਰਹੇ ਸਨ। ਪੁਲਿਸ ਨੇ ਐਕਟੀਵਾ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਰੁਕਣ ਦੀ ਬਜਾਏ ਇਹਨਾਂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ।
ਇਹ ਵੀ ਪੜ੍ਹੋ : ਕੀ ਕੋਵਿਡ ਜਿੰਨਾ ਹੀ ਖਤਰਨਾਕ ਹੈ HMPV Virus? ਮਾਹਿਰਾਂ ਤੋਂ ਜਾਣੋ ਵਾਇਰਸ ਦੇ ਲੱਛਣ ਤੇ ਬਚਾਅ
ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਜਦੋਂ ਗੋਲੀ ਚਲਾਈ ਤਾਂ ਦੋ ਬਦਮਾਸ਼ਾਂ ਦੇ ਲੱਤ ਵਿੱਚ ਗੋਲੀਆਂ ਲੱਗ ਗਈਆਂ ਜਿਸ ਨਾਲ ਦੋਵੇਂ ਹੀ ਜ਼ਖਮੀ ਹੋ ਗਏ। ਜਿੰਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਸਬੰਧੀ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: