farmers boycott jio: ਖੇਤੀ ਬਿਲ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਦਿੱਲੀ ਵਿੱਚ ਅੱਜ 22 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਹਨ। ਜਿੱਥੇ ਦਿੱਲੀ ‘ਚ ਕਿਸਾਨ ਧਰਨਾ ਦੇ ਰਹੇ ਨੇ ਓਥੇ ਹੀ ਪੂਰੇ ਪੰਜਾਬ ‘ਚ ਕਿਸਾਨਾਂ ਦਾ ਰੋਸ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਜਾਰੀ ਹੈ। ਜਿਸ ਸੰਬੰਧ ‘ਚ ਕਿਸਾਨਾਂ ਨੇ Reliance ਅਤੇ ਜੀਓ ‘ਤੇ ਆਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਹੈ। ਹੁਣ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਰੂਪਨਗਰ ਦੇ ਇਲਾਕੇ ਦੇ ਜੀਓ ਦੇ ਲੱਗੇ ਮੋਬਾਈਲ ਟਾਵਰਾਂ ਨੂੰ ਜਿੰਦਰੇ ਮਾਰ ਦਿੱਤੇ ਹਨ।
ਇਸ ਦੌਰਾਨ ਕਿਸਾਨ ਆਗੂ ਸਤਨਾਮ ਸਿੰਘ ਮਾਜਰੀ ਜੱਟਾਂ ਨੇ ਦੱਸਿਆ ਕਿ ਅੱਜ ਕਿਸਾਨਾਂ ਵਲੋਂ ਮੀਆਂਪੁਰ, ਠੌਣਾ, ਪੰਜੋਲਾ ਅਤੇ ਬੱਲਮਗੜ੍ਹ ਮੰਦਵਾੜਾ ਵਿਖੇ ਜੀਓ ਦੇ ਲੱਗੇ ਮੋਬਾਈਲ ਟਾਵਰਾਂ ਦੇ ਕੁਨੈਕਸ਼ਨ ਕੱਟ ਕੇ ਜਿੰਦਰੇ ਲਗਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਉਹ ਇਲਾਕੇ ‘ਚ ਜੀਓ ਦੇ ਟਾਵਰ ਚੱਲਣ ਨਹੀਂ ਦਿੱਤੇ ਜਾਣਗੇ । ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਜੀਓ ਦਾ ਬਾਈਕਾਟ ਕੀਤਾ ਜਾਵੇ। ਇਸ ਮੌਕੇ ਸੁਖਦੇਵ ਸਿੰਘ ਮੀਆਂਪੁਰ, ਕ੍ਰਿਸ਼ਨ ਸਿੰਘ ਮੰਦਵਾੜਾ, ਜਸਪਾਲ ਸਿੰਘ ਮੀਆਂਪੁਰ ਅਤੇ ਹੋਰ ਕਿਸਾਨ ਹਾਜ਼ਰ ਸਨ।