ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਪੂਰਨ ਖਾਤਮੇ ਲਈ ਜਿੱਥੇ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਵੀ ਸੀਲ ਕੀਤੀਆਂ ਜਾ ਰਹੀਆਂ ਹਨ। ਪਰ ਉੱਥੇ ਅਜੇ ਵੀ ਨਸ਼ਾ ਤਸਕਰ ਪਹਿਲਾਂ ਵਾਂਗ ਨਸ਼ਾ ਵੇਚ ਰਹੇ ਹਨ, ਤਾਜ਼ਾ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਸਹਿਣਾ ਤੋਂ ਸਾਹਮਣੇ ਆਇਆ ਹੈ। ਪੰਜਾਬ ਵਿੱਚ ਸਭ ਤੋਂ ਵੱਡੀ ਆਬਾਦੀ ਵਾਲੇ ਪਿੰਡ ਸਹਿਣਾ ਵਿਖੇ ਇੱਕ ਨੌਜਵਾਨ ਦੀ ਚਿੱਟੇ ਕਾਰਨ ਮੌਤ ਹੋ ਗਈ। ਪਿੰਡ ਸਹਿਣਾ ਦੇ ਰਹਿਣ ਵਾਲੇ 32 ਸਾਲ ਦਾ ਗੁਰਪ੍ਰੀਤ ਦਾਸ ਪੁੱਤਰ ਖੇਮ ਰਾਜ ਜੋ ਚਿੱਟੇ ਦੀ ਭੇਟ ਚੜ ਗਿਆ।
ਇਸ ਮੌਕੇ ਮ੍ਰਿਤਕ ਦੇ ਭਰਾ ਰਾਮਦਾਸ ਅਤੇ ਭੈਣ ਅਨੀਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਇੱਕ ਅਤੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਮ੍ਰਿਤਕ ਗੁਰਪ੍ਰੀਤ ਦਾਸ ਆਪਣੀ ਪਤਨੀ, 8 ਸਾਲ ਅਤੇ 10 ਮਹੀਨਿਆਂ ਦੀ 2 ਧੀਆਂ ਸਮੇਤ ਆਪਣੀ 80 ਸਾਲ ਦੀ ਬਜ਼ੁਰਗ ਮਾਤਾ ਚਰਨਜੀਤ ਕੌਰ ਨਾਲ ਅਲੱਗ ਘਰ ਵਿੱਚ ਰਹਿ ਰਿਹਾ ਸੀ। ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਅਤੇ 2 ਭੈਣਾਂ ਵਿਆਹੀਆਂ ਜਾ ਚੁੱਕੀਆਂ ਹਨ ਅਤੇ ਵੱਡਾ ਭਰਾ ਵੀ ਪਿੰਡ ਵਿੱਚ ਅਲੱਗ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਦਾਸ ਦਿਹਾੜੀ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਉਹ ਭੈੜੀ ਸੰਗਤ ਵਿੱਚ ਪੈ ਗਿਆ। ਪਰਿਵਾਰ ਤੇ 2 ਲੱਖ ਰੁਪਏ ਦੇ ਚੜੇ ਕਰਜੇ ਕਾਰਨ ਉਹ ਹਮੇਸ਼ਾ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਹ ਨਸ਼ੇ ਦੀ ਦਲਦਲ ਵਿੱਚ ਇਸ ਤਰ੍ਹਾਂ ਧਸਿਆ ਕੇ ਉਸ ਨੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਹੀ ਘਰ ਵਿੱਚ ਪਿਆ ਘਰੇਲੂ ਵਰਤੋ ਵਾਲਾ ਸਮਾਨ (ਪੇਟੀਆਂ,ਅਲਮਾਰੀਆਂ ਐਲ.ਸੀ.ਡੀ) ਵੀ ਵੇਚ ਦਿੱਤਾ।
ਪਰਿਵਾਰ ਵੱਲੋਂ ਵਾਰ-ਵਾਰ ਉਸ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸਮਝਾਇਆ ਜਾਂਦਾ ਸੀ ਅਤੇ ਇਸ ਦੇ ਭੈੜੇ ਨਤੀਜਿਆਂ ਬਾਰੇ ਵੀ ਜਾਣੂ ਕਰਾਇਆ ਜਾਂਦਾ ਸੀ। ਪਰ ਗੁਰਪ੍ਰੀਤ ਦਾਸ ਚਿੱਟੇ ਦੇ ਨਸ਼ੇ ਦੀ ਦਲਦਲ ਵਿੱਚ ਇਸ ਤਰ੍ਹਾਂ ਧਸਿਆ ਕਿ ਉਸ ਨੂੰ ਅੰਤ ਵਿੱਚ ਆਪਣੀ ਜ਼ਿੰਦਗੀ ਖਤਮ ਕਰਕੇ ਹੀ ਇਸ ਤੋਂ ਛੁਟਕਾਰਾ ਮਿਲ ਸਕਿਆ।ਪਰਿਵਾਰ ਤੇ ਆਰਥਿਕ ਕਮਜ਼ੋਰੀ ਦੇ ਨਾਲ ਪੀੜਿਤ ਪਰਿਵਾਰ ਤੇ 2 ਲੱਖ ਰੁਪਏ ਦੇ ਕਰੀਬ ਲੋਕਾਂ ਦਾ ਕਰਜ਼ਾ ਵੀ ਸਿਰ ਚੜ ਗਿਆ। ਜਿੱਥੇ ਹੁਣ ਬਾਕੀ ਰਹਿੰਦੇ 2 ਛੋਟੀਆਂ ਬੱਚੀਆਂ ਸਮੇਤ ਉਸਦੀ ਪਤਨੀ ਅਤੇ ਬਿਮਾਰ ਬਜ਼ੁਰਗ ਮਾਤਾ ਦਾ ਕੋਈ ਵੀ ਸਹਾਰੇ ਵਾਲਾ ਬਾਕੀ ਨਹੀਂ ਰਿਹਾ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡ.ਰੱਗ ਨੈੱਟਵਰਕ ਦਾ ਕੀਤਾ ਪਰਦਾਫਾਸ਼, ਨ.ਸ਼ਾ ਤ.ਸਕ.ਰਾਂ ਦੇ 2 ਸੰਚਾਲਕ ਫੜੇ
ਇਸ ਮੌਕੇ ਮ੍ਰਿਤਕ ਦੀ ਭੈਣ ਅਨੀਤਾ ਅਤੇ ਉਸਦੇ ਭਰਾ ਰਾਮ ਦਾਸ ਸਮੇਤ ਪਿੰਡ ਸਹਿਣਾ ਦੀ ਪੰਚਾਇਤ ਮੈਂਬਰ ਜਸਪਾਲ ਕੌਰ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਪਿੰਡ ਵਿੱਚ ਨਸ਼ਾ ਤਸਕਰ ਸ਼ਰੇਆਮ ਚਿੱਟੇ ਦਾ ਨਸ਼ਾ ਵੇਚ ਰਹੇ ਹਨ। ਜਿਸ ਨਾਲ ਕਈ ਘਰ ਬਰਬਾਦ ਹੋ ਰਹੇ ਹਨ। ਉਨਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮੰਗ ਕਰਦੇ ਕਿਹਾ ਕਿ ਅੱਜ ਉਹਨਾਂ ਦੇ ਪੁੱਤ ਦੀ ਮੌਤ ਚਿੱਟੇ ਦੇ ਨਸ਼ੇ ਕਾਰਨ ਹੋਈ ਹੈ। ਜੇਕਰ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰੇ ਤਾਂ ਅੱਗੇ ਕਿਸੇ ਹੋਰ ਮਾਂ ਦੇ ਪੁੱਤ ਦੀ ਮੌਤ ਚਿੱਟੇ ਦੇ ਨਸ਼ੇ ਕਾਰਨ ਨਾ ਹੋ ਸਕੇ।
ਮ੍ਰਿਤਕ ਆਪਣੇ ਪਿੱਛੇ ਆਪਣੀਆਂ ਦੋ ਛੋਟੀਆਂ ਧੀਆਂ,ਪਤਨੀ,ਦੋ ਭੈਣਾਂ,ਇੱਕ ਵੱਡਾ ਭਰਾ ਅਤੇ ਬਿਮਾਰ ਬਜ਼ੁਰਗ ਮਾਂ ਛੱਡ ਗਿਆ ਹੈ। ਪੀੜਿਤ ਪਰਿਵਾਰ ਨੇ ਜਿੱਥੇ ਨਸ਼ਾ ਤਸਕਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉੱਥੇ ਪੰਜਾਬ ਸਰਕਾਰ ਅਤੇ ਵਿਦੇਸ਼ ਬੈਠੇ ਐਨ.ਆਰ.ਆਈਜ਼ ਅਤੇ ਸਮਾਜ ਸੇਵੀਆ ਤੋਂ ਬਾਕੀ ਰਹਿੰਦੇ ਪਰਿਵਾਰ, 2 ਛੋਟੀਆਂ ਬੱਚੀਆਂ ਅਤੇ ਬਜ਼ੁਰਗ ਬਿਮਾਰ ਮਾਂ ਦੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਆਰਥਿਕ ਮਦਦ ਦੀ ਗੁਹਾਰ ਲਾਈ ਹੈ ਅਤੇ ਪਰਿਵਾਰ ਤੇ 2 ਲੱਖ ਰੁਪਏ ਦੇ ਕਰੀਬ ਚੜੇ ਕਰਜ਼ੇ ਨੂੰ ਮਾਫ ਕਰਨ ਦੀ ਵੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: