ਅਮਰੀਕਾ ਵੱਲੋਂ ਡਿਪੋਰਟ ਕਰਕੇ ਭੇਜੇ ਗਏ ਭਾਰਤੀਆਂ ਦਾ ਇੱਕ ਹੋਰ ਜਥਾ 16 ਫਰਵਰੀ ਨੂੰ ਅੰਮ੍ਰਿਤਸਰ ਪਹੁੰਚਿਆ। ਪੰਜਾਬ ਦੇ ਨੌਜਵਾਨਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਆਉਂਦੇ ਪਿੰਡ ਭੇਟ ਪੱਤਣ ਦਾ ਵੀ ਇੱਕ ਨੌਜਵਾਨ ਜਬਰੀ ਡਿਪੋਰਟ ਕੀਤਾ ਗਿਆ ਹੈ। ਨੌਜਵਾਨ ਗੁਰਮੇਲ ਸਿੰਘ ਦੇ ਪਿਤਾ ਨੇ ਆਪਣੇ ਫ਼ੌਜੀ ਬੈਂਕ ਕੋਟੇ ‘ਚੋਂ ਪੈਸਾ ਚੁੱਕ ਕੇ ਤੇ ਕਰਜ਼ਾ ਲੈ ਕੇ 2 ਸਾਲ ਪਹਿਲਾਂ ਹੀ ਆਪਣੇ ਪੁੱਤ ਨੂੰ ਅਮਰੀਕਾ ਭੇਜਿਆ ਸੀ
ਇਸ ਸਬੰਧੀ ਡਿਪੋਰਟ ਹੋਕੇ ਆਏ ਨੌਜਵਾਨ ਗੁਰਮੇਲ ਸਿੰਘ ਦੇ ਪਿਤਾ ਅਜਾਇਬ ਸਿੰਘ ਮਾਤਾ ਦਲਬੀਰ ਕੌਰ ਅਤੇ ਭਰਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਬੇਟੇ ਗੁਰਮੇਲ ਸਿੰਘ ਉਮਰ 30 ਸਾਲ ਅਤੇ ਬਾਹਰਵੀਂ ਜਮਾਤ ਪਾਸ ਨੂੰ ਦੋ ਸਾਲ ਪਹਿਲਾਂ ਇੱਕ ਕਿੱਲਾ ਜਮੀਨ ਗਹਿਣੇ ਪਾ ਕੇ ਕੁਝ ਆਪਣੇ ਫੌਜੀ ਬੈਂਕ ਕੋਟੇ ਵਿੱਚੋਂ ਅਤੇ ਕੁਝ ਰਿਸ਼ਤੇਦਾਰਾਂ ਕੋਲੋਂ ਕਰਜ਼ਾ ਚੁੱਕ ਕੇ 50 ਲੱਖ ਰੁਪਈਆ ਲਾ ਕੇ ਜ਼ਿਲਾ ਹੁਸ਼ਿਆਰਪੁਰ ਦੇ ਚੌਲਾਂਗ ਦੇ ਰਹਿਣ ਵਾਲੇ ਏਜੰਟ ਰਾਹੀਂ ਅਮਰੀਕਾ ਲਈ ਭੇਜਿਆ ਸੀ। ਏਜੰਟਾਂ ਨੇ ਮੇਰੇ ਮੁੰਡੇ ਨੂੰ ਦੋ ਸਾਲ ਵੱਖ-ਵੱਖ ਦੇਸ਼ਾਂ ਵਿੱਚ ਰੱਖਿਆ ਅਤੇ ਬੀਤੀ 27 ਜਨਵਰੀ ਨੂੰ ਹੀ ਅਮਰੀਕਾ ਦਾ ਬਾਰਡਰ ਪਾਰ ਕਰਵਾਇਆ। 28 ਜਨਵਰੀ ਨੂੰ ਹੀ ਉਸ ਨੂੰ ਅਮਰੀਕਾ ਦੀ ਪੁਲਿਸ ਨੇ ਫੜ੍ਹ ਲਿਆ ਸੀ।
ਇਹ ਵੀ ਪੜ੍ਹੋ : ਡੌਂਕਰ ਬਹੁਤ ਕੁੱਟਮਾਰ ਕਰਦੇ ਸੀ…ਅਮਰੀਕਾ ਤੋਂ ਡਿਪੋਰਟ ਹੋਏ ਪਿੰਡ ਨੜਾਵਾਲੀ ਦੇ ਲਵਪ੍ਰੀਤ ਸਿੰਘ ਨੇ ਦੱਸੀ ਹੱਢਬੀਤੀ
ਡਿਪੋਰਟ ਹੋਕੇ ਆਏ ਗੁਰਮੇਲ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਕੋਲ ਕੋਈ ਜਾਣਕਾਰੀ ਨਹੀਂ ਸੀ ਕਿ ਉਹਨਾਂ ਬੇਟਾ ਵਾਪਸ ਆ ਰਿਹਾ ਅਤੇ ਉਹਨਾਂ ਨੂੰ ਖੁਫ਼ੀਆ ਵਿਭਾਗ ਦੇ ਮੁਲਾਜ਼ਮਾਂ ਅਤੇ ਮੀਡੀਆ ਕਰਮੀਆਂ ਵੱਲੋਂ ਡਿਪੋਰਟ ਹੋਕੇ ਆ ਰਹੇ ਵਿਅਕਤੀਆਂ ਦੀ ਵਿਖਾਈ ਗਈ ਲਿਸਟ ਵਿੱਚ ਬੇਟੇ ਦਾ ਨਾਮ ਵੇਖ ਕੇ ਪਤਾ ਲੱਗਿਆ ਹੈ। ਅਮਰੀਕਾ ਤੋਂ ਵਾਪਸ ਆਏ ਨੌਜਵਾਨ ਦੇ ਪਿਤਾ ਨੇ ਭਰੇ ਮਨ ਨਾਲ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਅਮਰੀਕਾ ਤੋਂ ਜਬਰੀ ਵਾਪਸ ਭੇਜੇ ਜਾ ਰਹੇ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਨੌਕਰੀ ਦੇਵੇ ਅਤੇ ਏਜੰਟਾਂ ਖਿਲਾਫ਼ ਕਾਰਵਾਈ ਕਰੇ। ਨਾਲ ਹੀ ਸਾਡੀ ਰਕਮ ਵਾਪਸ ਦਵਾਈ ਜਾਵੇ।
ਵੀਡੀਓ ਲਈ ਕਲਿੱਕ ਕਰੋ -:
