Fazilka school teacher corona positive: ਫਾਜ਼ਿਲਕਾ ਦੇ ਖੂਈ ਖੇੜਾ ਪਿੰਡ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪੰਜਾਬ ਵਿੱਚ ਕੋਰੋਨਾ ਕਾਰਨ ਬੰਦ ਪਏ ਸਕੂਲਾਂ ਨੂੰ ਖੁੱਲ੍ਹਿਆ ਅਜੇ ਮਹਿਜ਼ ਕੁਝ ਕੁ ਦਿਨ ਹੀ ਹੋਏ ਸੀ ਕਿ ਬੀਤੇ ਦਿਨੀਂ ਫਿਰ ਤੋਂ ਇੱਕ ਭਾਣਾ ਹੀ ਵਾਪਰ ਗਿਆ । ਦੱਸਿਆ ਜਾ ਰਿਹਾ ਹੈ ਕਿ ਇਸ ਸਕੂਲ ਵਿੱਚ ਪੜਾਉਣ ਵਾਲਾ ਇੱਕ ਅਧਿਆਪਕ ਬੀਤੇ ਦਿਨੀਂ ਕੋਰੋਨਾ ਪਾਜ਼ੀਟਿਵ ਨਿਕਲ ਆਇਆ। ਉਸਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਦੇਖ ਕੇ ਸਭ ਨੂੰ ਭਾਜੜਾਂ ਪੈ ਗਈਆਂ। ਜਿਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਵੱਲੋਂ ਅਧਿਆਪਕਾਂ ਸਣੇ ਸਭ ਨੂੰ ਕੋਰੋਨਾ ਟੈਸਟ ਕਰਵਾਉਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸਦੇ ਨਾਲ ਸਕੂਲ ਚ ਪੜ੍ਹਦੇ ਬੱਚਿਆਂ ਸਣੇ ਉਨ੍ਹਾਂ ਦੇ ਮਾਪਿਆਂ ਦੇ ਤੇ ਖੁਦ ਅਧਿਆਪਕਾਂ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਦੇ ਬਾਅਦ ਇਹ ਸਕੂਲ ਇੱਕ ਵਾਰ ਫਿਰ ਤੋਂ ਸੁੰਨਸਾਨ ਨਜ਼ਰ ਆ ਰਿਹਾ ਹੈ।
ਇਸ ਸਬੰਧੀ ਪ੍ਰਿੰਸੀਪਲ ਨੇ ਗੱਲ ਕਰਦਿਆਂ ਦੱਸਿਆ ਕਿ ਸਕੂਲ ਵਿਖੇ ਇੱਕ ਅਧਿਆਪਕ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਾਰੇ ਸਟਾਫ ਨੂੰ ਕੋਰੋਨਾ ਜਾਂਚ ਕਰਵਾਉਣ ਦੀ ਹਿਦਾਇਤ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੱਚਿਆਂ ਨੂੰ ਵੀ ਕੋਰੋਨਾ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਪਾਜ਼ੀਟਿਵ ਅਧਿਆਪਕ ਨੂੰ ਮੈਡੀਕਲ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਅਧਿਆਪਕਾਂ ਵੱਲੋਂ ਕੋਰੋਨਾ ਟੈਸਟ ਕਰਵਾ ਵੀ ਲਿਆ ਗਿਆ ਹੈ। ਜਿਸ ਤੋਂ ਬਾਅਦ ਹੁਣ ਉਨ੍ਹਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਖੂਈ ਖੇੜਾ ਬਲਾਕ ਦਾ ਇਹ ਸਕੂਲ ਉਹ ਸਕੂਲ ਹੈ ਜਿੱਥੇ ਚੰਗੀ ਖਾਸੀ ਤਦਾਦ ਦੇ ਵਿੱਚ ਨੇੜੇ ਦੇ ਤਕਰੀਬਨ ਦਰਜਨ ਭਰ ਪਿੰਡਾਂ ਦੇ ਬੱਚੇ ਪੜ੍ਹਦੇ ਹਨ। ਅਜਿਹੇ ਵਿੱਚ ਸਕੂਲ ਟੀਚਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਦੋ ਚਿੱਤੀ ਦੇ ਵਿੱਚ ਦਿਖਾਈ ਦੇ ਰਹੇ ਹਨ ਤੇ ਉਨ੍ਹਾਂ ਦਾ ਡਰ ਅਜਿਹੇ ਮਾਹੌਲ ਵਿੱਚ ਜ਼ਾਇਜ਼ ਜਾਪਦਾ ਹੈ।