ਫਿਰੋਜ਼ਪੁਰ ਟ੍ਰਿਪਲ ਮਰਡਰ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਅੱਜ ਮੁਹਾਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਵੱਲੋਂ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਜਿਵੇਂ ਹੀ ਇਹ ਘਟਨਾ ਵਾਪਰੀ, ਸੀਐਮ, ਏਜੀਟੀਐਫ ਅਤੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਮਿਲ ਕੇ ਕੰਮ ਕੀਤਾ। ਪੰਜਾਬ ਪੁਲਿਸ ਤੇ ਅਧਿਕਾਰੀ ਰਾਤ ਭਰ ਜੁਟੇ ਰਹੇ। ਘਟਨਾ ਤੋਂ ਬਾਅਦ ਦੋਸ਼ੀ ਦਿੱਲੀ ਚਲੇ ਗਏ ਸੀ। ਉਥੋਂ ਉਹ ਟ੍ਰੇਨ ਰਾਹੀਂ ਨਾਂਦੇੜ ਪਹੁੰਚੇ ਅਤੇ ਉਥੋਂ ਉਹ ਮੁੰਬਈ ਜਾਣ ਦੀ ਯੋਜਨਾ ਬਣਾ ਰਹੇ ਸਨ। ਪਰ ਪੁਲਿਸ ਨੂੰ ਦੋਸ਼ੀਆਂ ਦੇ ਲੋਕੇਸ਼ਨ ਦਾ ਪਤਾ ਲੱਗਾ। ਇਸ ਤੋਂ ਬਾਅਦ ਉਸ ਨੂੰ ਨਾਗਪੁਰ-ਮੁੰਬਈ ਸਮ੍ਰਿਧੀ ਸੁਪਰ ਐਕਸਪ੍ਰੈਸ ਵੇਅ ਦੀ ਸਾਵਾਂਗੀ ਸੁਰੰਗ ਨੇੜਿਓਂ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਤੀਹਰੇ ਕਤਲ ਮਾਮਲੇ ਵਿੱਚ ਮੁਲਜ਼ਮਾਂ ਦਾ ਨਿਸ਼ਾਨਾ ਦਿਲਦੀਪ ਸੀ। ਸ਼ੂਟਰਾਂ ਲਗਾਤਾਰ ਦਿਲਦੀਪ ਦੀ ਰੇਕੀ ਕਰ ਰਹੇ ਸਨ। ਪਰ ਇਸ ਘਟਨਾ ਦਾ ਸ਼ਿਕਾਰ ਉਸ ਦੀ ਭੈਣ ਅਤੇ ਦੋਸਤ ਵੀ ਗਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦਿਲਦੀਪ ‘ਤੇ 2013 ਤੇ 2019 ਦੇ ਦੋ ਪਰਚੇ ਦਰਜ ਸਨ। ਫਿਲਹਾਲ ਵਾਰਦਾਤ ‘ਚ ਸ਼ਾਮਿਲ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ 10 ਤਰੀਕ ਤੱਕ ਟਰਾਂਜ਼ਿਟ ਰਿਮਾਂਡ ਹੈ। ਇਸ ਦੌਰਾਨ ਪੁੱਛਗਿੱਛ ਤੋਂ ਬਾਅਦ ਸਾਰੀ ਕਹਾਣੀ ਸਪੱਸ਼ਟ ਹੋ ਜਾਵੇਗੀ।
ਇਹ ਵੀ ਪੜ੍ਹੋ : AAP ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ=
ਬੀਤੇ ਮੰਗਲਵਾਰ 3 ਸਤੰਬਰ ਨੂੰ ਦਿਨ-ਦਿਹਾੜੇ ਫਿਰੋਜ਼ਪੁਰ ਸ਼ਹਿਰ ਦੇ ਅਕਾਲਗੜ੍ਹ ਗੁਰਦੁਆਰੇ ਦੇ ਸਾਹਮਣੇ ਇੱਕ ਕਾਰ ਪੁੱਜੀ ਤਾਂ ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਾਰ ‘ਚ ਸਵਾਰ ਜਸਪ੍ਰੀਤ ਕੌਰ (24) ਪੁੱਤਰੀ ਕੁਲਦੀਪ ਸਿੰਘ ਵਾਸੀ ਕਮੂਆ ਵਾਲੀ ਬਸਤੀ (ਕੰਬੋਜ ਨਗਰ) ਦੇ ਸਿਰ ‘ਤੇ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਗੋਲੀ ਲੱਗਣ ਕਾਰਨ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਦਿਲਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਬਸਤੀ ਬਾਗਵਾਲੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਜਦਕਿ ਹਰਮਨਪ੍ਰੀਤ ਸਿੰਘ ਪੁੱਤਰ ਹਰਮੇਸ਼ ਸਿੰਘ ਅਤੇ ਅਨਮੋਲਦੀਪ ਪੁੱਤਰ ਗੁਰਦੀਪ ਸਿੰਘ ਜ਼ਖਮੀ ਹੋ ਗਏ। ਦੋਵਾਂ ਜ਼ਖਮੀਆਂ ਨੂੰ ਸਥਾਨਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਨਾਜ਼ੁਕ ਹੈ। ਵਾਰਦਾਤ ਵਾਲੀ ਥਾਂ ਤੋਂ ਕਰੀਬ 25 ਗੋਲੀਆਂ ਦੇ ਖੋਲ ਮਿਲੇ ਹਨ। ਕਾਰ ਵਿੱਚ ਕਈ ਗੋਲੀਆਂ ਦੇ ਨਿਸ਼ਾਨ ਹਨ। ਕਾਰ ਦੀਆਂ ਸੀਟਾਂ ਖੂਨ ਨਾਲ ਲੱਥਪੱਥ ਸਨ।
ਵੀਡੀਓ ਲਈ ਕਲਿੱਕ ਕਰੋ -: