ਅੰਮ੍ਰਿਤਸਰ ਦੇ ਰੇਸ ਕੋਰਸ ਰੋਡ ‘ਤੇ ਸਥਿਤ 116 ਨੰਬਰ ਕੋਠੀ ਵਿੱਚ ਅੱਜ ਸਵੇਰੇ ਕਰੀਬ 9 ਵਜੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਕੋਠੀ ਦੇ ਉੱਪਰਲੇ ਕਮਰੇ ਵਿੱਚ ਅਚਾਨਕ ਅੱਗ ਭੜਕ ਉਠੀ, ਜਿਸ ਕਾਰਨ ਅੰਦਰ ਮੌਜੂਦ ਵਿਅਕਤੀ ਕਿਰਨ ਆਹੂਜਾ ਦੀ ਧੂੰਏਂ ਨਾਲ ਦਮ ਘੁੱਟਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਕਿਰਨ ਆਹੂਜਾ ਲਗਭਗ 52 ਸਾਲ ਦੇ ਸਨ ਅਤੇ ਇਸ ਕੋਠੀ ਦੇ ਮਾਲਕ ਦੱਸੇ ਜਾ ਰਹੇ ਹਨ। ਅੱਗ ਲੱਗਦੇ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਲੋਕ ਤੁਰੰਤ ਇਕੱਠੇ ਹੋ ਕੇ ਸਹਾਇਤਾ ਲਈ ਅੱਗੇ ਆਏ।

ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਅੱਗ ਕੋਠੀ ਦੇ ਉੱਪਰਲੇ ਕਮਰੇ ਵਿੱਚ ਲੱਗੀ ਸੀ। ਉਨ੍ਹਾਂ ਮੁਤਾਬਕ, ਅੱਗ ਲੱਗਣ ਤੋਂ ਬਾਅਦ ਕਿਰਨ ਆਹੂਜਾ ਘਬਰਾ ਕੇ ਆਪਣੇ ਕੁਝ ਜ਼ਰੂਰੀ ਕਾਗਜ਼ਾਤ ਤੇ ਸਮਾਨ ਬਚਾਉਣ ਲਈ ਕਮਰੇ ਅੰਦਰ ਚਲੇ ਗਏ। ਪਰ ਜਿਵੇਂ ਹੀ ਉਹ ਅੰਦਰ ਗਏ, ਕਮਰਾ ਧੂੰਏਂ ਨਾਲ ਭਰ ਚੁੱਕਾ ਸੀ। ਧੂੰਆ ਇੰਨਾ ਜ਼ਿਆਦਾ ਸੀ ਕਿ ਉਹ ਮੁੜ ਬਾਹਰ ਨਹੀਂ ਆ ਸਕੇ ਅਤੇ ਉਨ੍ਹਾਂ ਦਾ ਮੌਕੇ ‘ਤੇ ਹੀ ਦਮ ਘੁੱਟ ਗਿਆ।

ਫਾਇਰ ਬ੍ਰਿਗੇਡ ਦੀ ਟੀਮ ਨੂੰ ਜਾਣਕਾਰੀ ਮਿਲਣ ‘ਤੇ ਉਹ ਤੁਰੰਤ ਮੌਕੇ ‘ਤੇ ਪਹੁੰਚ ਗਈ, ਪਰ ਉਦੋਂ ਤੱਕ ਅੱਗ ਕਾਫ਼ੀ ਫੈਲ ਚੁੱਕੀ ਸੀ। ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ, ਹਾਲਾਂਕਿ ਕਮਰੇ ਦਾ ਵੱਡਾ ਹਿੱਸਾ ਸੜ ਕੇ ਰਾਖ ਹੋ ਗਿਆ ਸੀ। ਅਧਿਕਾਰੀਆਂ ਦੇ ਅਨੁਸਾਰ, ਅੱਗ ਬਹੁਤ ਤੇਜ਼ੀ ਨਾਲ ਭੜਕੀ ਜਿਸ ਕਾਰਨ ਲਪਟਾਂ ਅਤੇ ਧੂੰਆ ਪੂਰੇ ਕਮਰੇ ਵਿੱਚ ਫੈਲ ਗਿਆ। ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਨੇ ਸੜਕਾਂ ‘ਤੇ ਕੂੜਾ ਸੁੱਟਣ ਵਾਲਿਆਂ ਦੇ ਘਰ ਅੱਗੇ ਢੋਲ ਵਜਾ ਕੇ ਸ਼ਰਮਿੰਦਾ ਕਰਨ ਦਾ ਫ਼ੈਸਲਾ ਲਿਆ ਵਾਪਸ
ਸ਼ੁਰੂਆਤੀ ਜਾਂਚ ਵਿੱਚ ਸ਼ੋਰਟ ਸਰਕਟ ਦੀ ਅਸ਼ੰਕਾ ਜਤਾਈ ਜਾ ਰਹੀ ਹੈ, ਪਰ ਅਸਲ ਕਾਰਨ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਾਹਮਣੇ ਆਏਗਾ। ਕੋਠੀ ਵਿੱਚ ਕਾਸਮੈਟਿਕ ਦਾ ਕਾਰੋਬਾਰ ਚੱਲਦਾ ਸੀ ਅਤੇ ਪੁਲਿਸ ਵੱਲੋਂ ਇਸ ਨਾਲ ਜੁੜੀਆਂ ਜਾਣਕਾਰੀਆਂ ਵੀ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੇ ਸ਼ਵ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਅਤੇ ਸਦਮੇ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -:
























