Former DGP Sumedh : ਕੋਟਕਪੂਰਾ : ਪੰਜਾਬ ਪੁਲਿਸ ਦੀ ਐਸ.ਆਈ.ਟੀ. ਵੱਲੋਂ ਹੁਣ ਸੁਮੇਧ ਸੈਣੀ ਨੂੰ 2015 ਦੇ ਕੋਟਕਪੂਰਾ ਗੋਲੀ ਕਾਂਡ ਨਾਲ ਸੰਬੰਧਤ 2018 ਵਿੱਚ ਦਰਜ ਕੇਸ ਵਿੱਚ ਵੀ ਨਾਮਜ਼ਦ ਕਰ ਲਿਆ ਗਿਆ ਹੈ। ਸੈਣੀ ਇਸ ਮਾਮਲੇ ਵਿੱਚ ਇਰਾਦਾ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਹਥਿਆਰ ਐਕਟ ਜਿਹੀਆਂ ਧਾਰਾਵਾਂ ਤਹਿਤ ਨਾਮਜ਼ਦ ਕੀਤੇ ਗਏ ਹਨ। ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਭਾਵੇਂ ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਅਦਾਲਤਾਂ ਤੋਂ ਰਾਹਤ ਮਿਲੀ ਹੋਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਟਾਲਿਆ ਜਾ ਰਿਹਾ ਹੈ। SIT ਨੇ ਸ਼ੁੱਕਰਵਾਰ ਸੈਣੀ ਨੂੰ ਕੋਟਕਪੂਰਾ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਕਾਰਵਾਈ ਪੂਰੀ ਕਰ ਲਈ ਹੈ ਅਤੇ ਇਸ ਬਾਰੇ ਅਦਾਲਤ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਪਹਿਲਾਂ ਤੋਂ ਹੀ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਲਾਪਤਾ ਮਾਮਲੇ ਦਾ ਕੇਸ ਚੱਲ ਰਿਹਾ ਹੈ ਤੇ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੂੰ ਬਹਿਬਲ ਕਲਾਂ ਗੋਲੀਕਾਂਡ ‘ਚ ਵੀ ਨਾਮਜ਼ਦ ਕੀਤਾ ਗਿਆ ਸੀ ਤੇ ਹੁਣ ਕੋਟਕਪੂਰਾ ਗੋਲੀਕਾਂਡ ‘ਚ ਵੀ ਐੱਸ. ਆਈ. ਟੀ. ਵੱਲੋਂ ਸੁਮੇਧ ਸੈਣੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਸ਼ੁੱਕਰਵਾਰ ਨੂੰ ਜਿਸ ਮਾਮਲੇ ਵਿੱਚ ਸੈਣੀ ਨੂੰ ਕੋਟਕਪੂਰਾ ਫ਼ਾਇਰਿੰਗ ਸੰਬੰਧੀ ਨਾਮਜ਼ਦ ਕੀਤਾ ਗਿਆ ਹੈ ਉਸ ਵਿੱਚ ਇਸ ਤੋਂ ਪਹਿਲਾਂ ਹੀ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਮੋਗਾ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ, ਉਸ ਵੇਲੇ ਏ.ਡੀ.ਸੀ.ਪੀ. ਲੁਧਿਆਣਾ ਪਰਮਜੀਤ ਸਿੰਘ ਪੰਨੂੰ, SHO ਕੋਟਕਪੂਰਾ ਗੁਰਦੀਪ ਸਿੰਘ ਪੰਧੇਰ , DSP ਕੋਟਕਪੂਰਾ ਬਲਜੀਤ ਸਿੰਘ, ਨੂੰ ਨਾਮਜ਼ਦ ਕੀਤਾ ਜਾ ਚੁੱਕਿਆ ਹੈ।
ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਦੋਵੇਂ ਥਾਵਾਂ ‘ਤੇ ਬਰਗਾੜੀ ਬੇਅਦਬੀ ਕਾਂਡ ਵਿਰੁੱਧ ਸ਼ਾਂਤਮਈ ਰੋਸ ਕਰਨ ਆਈਆਂ ਸੰਗਤਾਂ ‘ਤੇ ਪੁਲਿਸ ਵੱਲੋਂ 14 ਅਕਤੂਬਰ 2015 ਨੂੰ ਗੋਲੀਬਾਰੀ ਕੀਤੀ ਗਈ ਸੀ ਤੇ ਇਸ ਗੋਲੀਬਾਰੀ ਦੌਰਾਨ 2 ਸਿੰਘ ਵੀ ਸ਼ਹੀਦ ਹੋ ਗੇ ਸਨ ਤੇ ਇਸੇ ਤਰ੍ਹਾਂ ਕੋਟਕਪੂਰਾ ‘ਚ ਚਲਾਈਆਂ ਗਈਆਂ ਗੋਲੀਆਂ ‘ਚ ਵੀ ਸੰਗਤਾਂ ਜ਼ਖਮੀ ਹੋਈਆਂ ਸਨ। ਸਾਬਕਾ ਡੀ. ਜੀ. ਪੀ. ‘ਤੇ ਦੋਸ਼ ਹੈ ਕਿ ਉਨ੍ਹਾਂ ਦੇ ਹੁਕਮ ਮਿਲਣ ਤੋਂ ਬਾਅਦ ਹੀ ਸੰਗਤਾਂ ‘ਤੇ ਗੋਲੀ ਚਲਾਈ ਗਈ ਸੀ ਤੇ ਇਸ ਦੇ ਨਾਲ ਹੀ ਉਸ ਸਮੇਂ ਲੁਧਿਆਣਾ ਪੁਲਿਸ ਕਮਿਸ਼ਨਰ ਸ: ਪਰਮਰਾਜ ਸਿੰਘ ਉਮਰਾਨੰਗਲ ਲਗਾਤਾਰ ਫ਼ੋਨ ਰਾਹੀਂ ਸੈਣੀ ਦੀ ਸੰਪਰਕ ਵਿੱਚ ਸਨ। ਇਸ ਲਈ ਦੋਵਾਂ ਨੂੰ ਇਸ ਕੇਸ ‘ਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।