Four people who : ਫਰੀਦਕੋਟ : ਕੱਲ੍ਹ ਫਰੀਦਕੋਟ ਦੇ ਪਿੰਡ ਕਲੇਰ ਵਿਖੇ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਨੇ ਖੁਦ ਨੂੰ ਅੱਗ ਲਗਾ ਕੇ ਆਤਮਹੱਤਿਆ ਕਰ ਲਈ ਸੀ। ਇਸੇ ਘਟਨਾ ਨਾਲ ਸਬੰਧਤ ਕੁਝ ਖੁਲਾਸੇ ਹੋਏ ਹਨ। ਪਤਾ ਲੱਗਾ ਹੈ ਕਿ ਇੱਕ ਵਪਾਰੀ ਤੋਂ ਤੰਗ ਆ ਕੇ ਇੱਕ ਵਿਅਕਤੀ ਨੇ 2 ਬੱਚਿਆਂ ਤੇ ਪਤਨੀ ਨੂੰ ਤੇਲ ਛਿੜਕ ਕੇ ਸਾੜਨ ਤੋਂ ਬਾਅਦ ਖੁਦ ਨੂੰ ਵੀ ਅੱਗ ਲਗਾ ਲਈ। ਮੌਕੇ ‘ਤੇ ਹੀ ਚਾਰਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਰਾਜਸਥਾਨ ਦੇ ਸੀਕਰ ਜਿਲ੍ਹੇ ਦੇ ਹੁਕਿਮਾ ਪਿੰਡ ਦੇ ਧਰਮਪਾਲ (38), ਪਤਨੀ ਸੀਮਾ ਦੇਵੀ (36), ਬੇਟੀ ਮੀਨਾ (15) ਤੇ ਬੇਟਾ ਹਰਤੇਸ਼ (12) ਵਜੋਂ ਹੋਈ ਹੈ। ਧਰਮਪਾਲ ਕਲੇਰ ਦੇ ਇੱਟ-ਭੱਠੇ ‘ਤੇ ਮੁਨਸ਼ੀ ਸੀ। ਉਥੇ ਹੀ ਪੁਲਿਸ ਨੂੰ 2 ਪੇਜਾਂ ਦਾ ਸੁਸਾਈਡ ਨੋਟ ਮਿਲਿਆ ਹੈ। ਕਮਰੇ ਕੋਲ ਪਏ ਡੀਜ਼ਲ ਤੇ ਲਾਸ਼ਾਂ ਦੀ ਹਾਲਤ ਦੇਖ ਕੇ ਇਹ ਸ਼ੱਕਾ ਪ੍ਰਗਟਾਈ ਜਾ ਰਹੀ ਹੈ ਕਿ ਧਰਮਪਾਲ ਨੇ ਪਹਿਲਾਂ ਪਤਨੀ ਤੇ ਬੱਚਿਆਂ ਨੂੰ ਕੁਝ ਖੁਆ ਕੇ ਬੇਹੋਸ਼ ਕੀਤਾ ਬਾਅਦ ‘ਚ ਉਨ੍ਹਾਂ ‘ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ।
ਇਸ ਤੋਂ ਬਾਅਦ ਖੁਦ ਖੁਦਕੁਸ਼ੀ ਕਰ ਲਈ। ਧਰਮਪਾਲ ਨੇ ਪੂਰੀ ਘਟਨਾ ਲਈ ਬਠਿੰਡਾ ਦੇ ਇੱਕ ਵਪਾਰੀ ਨੂੰ ਦੋਸ਼ੀ ਠਹਿਰਾਇਆ ਹੈ। ਸੁਸਾਈਡ ਨੋਟ ‘ਚ ਲਿਖਿਆ ਕਿ ਉਕਤ ਵਪਾਰੀ ਨੇ ਲੌਕਡਾਊਨ ਦੌਰਾਨ ਧੋਖਾ ਦੇਣਾ ਸ਼ੁਰੂ ਕਰ ਦਿੱਤਾ। ਇਸ ਨਾਲ ਮੇਰੀ ਹਿੰਮਤ ਟੁੱਟ ਗਈ ਤੇ ਮੈਂ ਸੰਭਲ ਨਹੀਂ ਸਕਿਆ। ਇਸ ਲਈ ਇਹ ਕਦਮ ਚੁੱਕ ਰਿਹਾ ਹਾਂ। ਧਰਮਪਾਲ ਦੇ ਜਾਣਕਾਰ ਨੇ ਦੱਸਿਆ ਕਿ ਉਸ ਨੂੰ ਸਵੇਰੇ 4 ਵਜੇ ਮੈਸੇਜ ਆਇਆ ਸੀ ਕਿ ਉਹ ਆਤਮਹੱਤਿਆ ਕਰ ਰਿਹਾ ਹੈ। SSP ਸਵਰਨਦੀਪ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਤੈਅ ਹੋ ਸਕੇਗਾ ਕਿ ਅਸਲ ‘ਚ ਕੀ ਹੋਇਆ ਸੀ। ਸੁਸਾਈਡ ਨੋਟ ਦੇ ਆਧਾਰ ‘ਤੇ ਪੁਲਿਸ ਜਾਂਚ ਕਰ ਰਹੀ ਹੈ।