ਪੰਜਾਬ ਵਿੱਚ ਹੂੰਝਾਫੇਰ ਜਿੱਤ ਹਾਸਿਲ ਕਰਨ ਤੋਂ ਬਾਅਦ ਭਗਵੰਤ ਮਾਨ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ । ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਖਟਕੜ ਕਲਾਂ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਭਗਵੰਤ ਮਾਨ ਨੇ ਸ਼ਾਲ ਭੇਟ ਕਰਕੇ ਗਵਰਨਰ ਦਾ ਸਨਮਾਨ ਕੀਤਾ। ਇਸ ਮੌਕੇ ਪੂਰਾ ਖਟਕੜ ਕਲਾਂ ਬਸੰਤੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਮੌਕੇ ਆਪ ਦੇ ਵਿਧਾਇਕਾਂ ਸਣੇ ਕਈ ਮਹਿਮਾਨ ਵੀ ਪੁੱਜੇ ਹਨ। ਉੱਥੇ ਹੀ ਪੰਜਾਬੀ ਕਲਾਕਾਰ ਗੁਰਦਾਸ ਮਾਨ ਵੀ ਵਿਸ਼ੇਸ਼ ਤੌਰ ‘ਤੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਗੱਲਬਾਤ ਕਰਦਿਆਂ ਗੁਰਦਾਸ ਮਾਨ ਨੇ ਭਗਵੰਤ ਮਾਨ ਦੀਆਂ ਤਾਰੀਫਾਂ ਦੀ ਪੁੱਲ ਬੰਨ੍ਹੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਆਮ ਪਾਰਟੀ ਹੈ ਪਰ ਇਨ੍ਹਾਂ ਦੇ ਵਿਚਾਰ ਖਾਸ ਹਨ । ਉਨ੍ਹਾਂ ਕਿਹਾ ਕਿ ਪ੍ਰਮਾਤਮਾ ਇਸ ਨੂੰ ਹੋਰ ਸ਼ਕਤੀ ਦੇਵੇ ਕਿ ਪੰਜਾਬ ਖੁਸ਼ਹਾਲ ਹੋਵੇ । ਇਸ ਪਾਰਟੀ ਦੇ ਰਾਜ ਦੌਰਾਨ ਪੰਜਾਬ ਵਿੱਚ ਸੁੱਖ-ਸ਼ਾਂਤੀ ਹੋਵੇ ਤੇ ਜਾਤ-ਪਾਤ, ਵਹਿਮ ਭਰਮ ਤੋਂ ਨਿਕਲ ਕੇ ਚੰਗੀਆਂ ਗੱਲਾਂ ਹੋਣ ।
ਇਹ ਵੀ ਪੜ੍ਹੋ: ਪੰਜਾਬ ਦੇ ਅੱਜ ਤੋਂ ਨਵੇਂ CM ਬਣੇ ਭਗਵੰਤ ਮਾਨ, ਗਵਰਨਰ ਨੇ ਬੀ. ਐੱਲ. ਪੁਰੋਹਿਤ ਨੇ ਚੁਕਾਈ ਸਹੁੰ
ਇਸ ਤੋਂ ਅੱਗੇ ਗੁਰਦਾਸ ਮਾਨ ਨੇ ਕਿਹਾ ਕਿ ਇਸ ਪਾਰਟੀ ਦੇ ਸੱਤਾ ਵਿੱਚ ਆਉਣ ਨਾਲ ਸਭ ਚੰਗਾ ਹੋਵੇਗਾ, ਕਿਉਂਕਿ ਉਨ੍ਹਾਂ ਨੇ ਸ਼ੁਰੂਆਤ ਹੀ ਚੰਗੀ ਕੀਤੀ ਹੈ । ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ਨਾਲ ਜਿੱਤ ਹਾਸਿਲ ਕਰਨਾ ਬਹੁਤ ਵੱਡੀ ਗੱਲ਼ ਹੈ। ਭਗਵੰਤ ਮਾਨ ਬਾਰੇ ਬੋਲਦਿਆਂ ਗੁਰਦਾਸ ਨੇ ਕਿਹਾ ਕਿ ਮਾਨ ਦੇ ਅੰਦਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਜ਼ਬਾ ਹੈ।
ਮਾਨ ਨੇ ਪਹਿਲਾਂ ਦੁਨੀਆਂ ਨੂੰ ਹਸਾਇਆ ਤੇ ਹੁਣ ਪੰਜਾਬ ਨੂੰ ਖੁਸ਼ਹਾਲ ਬਣਾਵੇਗਾ । ਜਿਨ੍ਹਾਂ ਪੰਜਾਬੀਆਂ ਨੂੰ ਉਨ੍ਹਾਂ ਨੇ ਹਸਾਇਆ ਹੈ, ਹੁਣ ਉਨ੍ਹਾਂ ਨੂੰ ਕੰਮ ਦਿਵਾਉਣਗੇ। ਨਸ਼ਿਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਬਹੁਤ ਵੱਧ ਚੁੱਕਿਆ ਹੈ, ਪਰ ਇਸ ਪਾਰਟੀ ਦੇ ਆਉਣ ਤੋਂ ਬਾਅਦ ਪੰਜਾਬ ਨੂੰ ਨਸ਼ਿਆਂ ਤੋਂ ਮੁਕਤੀ ਮਿਲੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ ਤੇ ਪੰਜਾਬ ਨੂੰ ਮੁੜ ਰੰਗ ਬਣਾਵੇਗਾ।
ਵੀਡੀਓ ਲਈ ਕਲਿੱਕ ਕਰੋ -: