ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਦੇ ਤਹਿਤ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇੰਨਾ ਮੁਕਾਬਲਿਆਂ ਵਿੱਚ ਸ਼ਾਮਲ ਨੌਜਵਾਨ ਅਤੇ ਉਭਰਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਫਰੀਦਕੋਟ ਹਲਕੇ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਬਾਸਕਟਬਾਲ ਦੇ ਕੌਮੀ ਪੱਧਰ ਦੇ ਖਿਡਾਰੀ ਰਹੇ ਗੁਰਦਿੱਤ ਸਿੰਘ ਸੇਖੋਂ ਅਪਣੇ ਸਾਥੀਆਂ ਦੇ ਨਾਲ ਖੁਦ ਮੈਦਾਨ ਵਿੱਚ ਨਿਤਰੇ। ਵਿਧਾਇਕ ਨੇ ਪੁਰਾਣੇ ਅਤੇ ਨਵੇਂ ਖਿਡਾਰੀਆਂ ਨਾਲ ਮਿਲਕੇ ਇਕ ਫਰੈਂਡਲੀ ਮੈਚ ਖੇਡਿਆ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ।
ਇਸ ਮੌਕੇ ਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸੁਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਧਾਈ ਦੇ ਪਾਤਰ ਹਨ ਜਿੰਨਾਂ ਨੇ ਪੰਜਾਬ ਦੇ ਬੱਚੇ ਤੋਂ ਲੈਕੇ ਬੁਜ਼ੁਰਗ ਵਿਅਕਤੀ ਤਕ ਨੂੰ ਖੇਡ ਦੇ ਮੈਦਾਨ ਵਿਚ ਲਿਆਉਣ ਦਾ ਚੰਗਾ ਉਪਰਾਲਾ ਕੀਤਾ ਹੈ।
ਸਰਕਾਰ ਦੇ ਇਸ ਉਪਰਾਲੇ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਇਕ ਪਾਸੇ ਬੱਚੇ ਮੈਦਾਨ ਵਿੱਚ ਆਏ ਹਨ, ਉੱਥੇ ਹੀ ਬੁਜ਼ੁਰਗ ਅਪਣੇ ਤਜਰਬਿਆਂ ਨਾਲ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰ ਰਹੇ।
ਤਜਰਬੇਕਾਰ ਬੁਜ਼ੁਰਗ ਖਿਡਾਰੀਆਂ ਦੇ ਮੈਦਾਨ ਵਿੱਚ ਆਉਣ ਕਰਨ ਨਵੇਂ ਖਿਡਾਰੀ ਪੈਦਾ ਹੋਣਗੇ ਅਤੇ ਦੇਸ਼ ਵਿਦੇਸ਼ ਵਿਚ ਪੰਜਾਬ ਦਾ ਨਾਂ ਰੋਸ਼ਨ ਕਰਨਗੇ। ਉੰਨਾ ਦਾ ਮਕਸਦ ਵੀ ਇਹੀ ਹੈ ਕਿ ਬੱਚੇ ਸਾਨੂੰ ਵੇਖ ਕੇ ਮੈਦਾਨ ਵਿੱਚ ਨਿਤਰਨ ਕਿਉਂਕਿ ਉਹ ਵੀ ਕਿਸੇ ਨੂੰ ਖੇਡਦਿਆਂ ਵੇਖ ਹੀ ਬਾਸਕਟਬਾਲ ਖੇਡਣੀ ਸ਼ੁਰੂ ਕੀਤੀ ਸੀ ਅਤੇ ਖੇਡ ਰਾਹੀਂ ਨਾਮਣਾ ਖੱਟਣ ਤੋਂ ਬਾਅਦ ਰਾਜਨੀਤੀ ਵਿੱਚ ਆਕੇ ਸਮਾਜ ਦੀ ਸੇਵਾ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ।