ਫਰੀਦਕੋਟ ਰੇਂਜ ਦੀ ਡੀਆਈਜੀ ਨਿਲੰਬਰੀ ਜਗਾਦਲੇ ਨੇ ਬਹੁ ਚਰਚਿਤ ਗੁਰਵਿੰਦਰ ਸਿੰਘ ਕਤਲ ਦੇ ਮਾਮਲੇ ਵਿੱਚ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਫਵਾਹਾਂ ਤੋਂ ਇਲਾਵਾ ਜਾਂਚ ਦੌਰਾਨ ਸਾਹਮਣੇ ਆਏ ਅਸਲ ਤੱਥਾਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕਤਲ ਕੋਈ ਜਜ਼ਬਾਤੀ ਕਦਮ ਨਹੀਂ, ਸਗੋਂ ਬਹੁਤ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਅੰਜਾਮ ਦਿੱਤਾ ਗਿਆ ਸੀ।
28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਫਰੀਦਕੋਟ ਦੇ ਪਿੰਡ ਸੁੱਖਣ ਵਾਲਾ ਦੀ ਰੁਪਿੰਦਰ ਕੌਰ ਨੇ ਅੱਧੀ ਰਾਤ ਨੂੰ ਆਪਣੇ ਪ੍ਰੇਮੀ ਨੂੰ ਘਰ ਸੱਦਿਆ ਅਤੇ ਉਸ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਮਹਿਲਾ ਵਾਰਦਾਤ ਨੂੰ ਲੁੱਟ ਦੀ ਘਟਨਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਰੁਪਿੰਦਰ ਦਾ ਪ੍ਰੇਮੀ ਹਰਕੰਵਲ ਪ੍ਰੀਤ ਮੌਕੇ ਤੋਂ ਘਰ ਦੇ ਗਹਿਣੇ ਲੈਕੇ ਫਰਾਰ ਹੋ ਗਿਆ ਅਤੇ ਇਸ ਕਤਲ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਹਾਲਾਤਾਂ ਮੁਤਾਬਿਕ ਸਿੱਧਾ ਸ਼ੱਕ ਰੁਪਿੰਦਰ ਕੌਰ ‘ਤੇ ਗਿਆ। ਜਿਸ ਨੂੰ ਮੌਕੇ ‘ਤੇ ਪੁਲਿਸ ਨੇ ਕਾਬੂ ਕਰ ਲਿਆ ਅਤੇ ਫਿਰ ਜਾਂਚ ਦਾ ਸਿਲਸਿਲਾ ਸ਼ੁਰੂ ਹੋਣ ‘ਤੇ ਸਾਰੀ ਕਹਾਣੀ ਸਾਹਮਣੇ ਆਉਂਦੀ ਹੈ।
ਰੁਪਿੰਦਰ ਦੇ ਫਰਾਰ ਪ੍ਰੇਮੀ ਨੂੰ ਫੜਨ ਲਈ ਪੁਲਿਸ ਦਾ ਦਬਾਅ ਉਸਦੇ ਪਰਿਵਾਰ ‘ਤੇ ਪੈਣ ਕਾਰਨ ਦੋ ਦਿਨਾਂ ਬਾਅਦ ਹਰਕੰਵਲ ਪ੍ਰੀਤ ਫਰੀਦਕੋਟ ਦੀ ਅਦਾਲਤ ‘ਚ ਆਤਮ ਸਮਰਪਣ ਕੀਤਾ। ਬਾਅਦ ਵਿੱਚ ਇੰਨਾ ਦੇ ਇੱਕ ਹੋਰ ਸਾਥੀ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਸ਼ਿਵਜੀਤ ਸਿੰਘ ਨਾਮੀ ਯੁਵਕ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਉਸ ਰਾਤ ਕਿਸੇ ਦੀ ਕਾਰ ਮੰਗ ਕੇ ਹਰਕੰਵਲ ਪ੍ਰੀਤ ਨਾਲ ਰੁਪਿੰਦਰ ਦੇ ਪਿੰਡ ਪਹੁੰਚਿਆ ਸੀ। ਹਾਲਾਂਕਿ ਇਸ ਕਤਲ ਕਾਂਡ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਬਹੁਤ ਕੁਝ ਕਿਹਾ ਗਿਆ ਜਿਸ ਵਿੱਚ ਕੁਝ ਗੱਲਾਂ ਸੱਚ ਅਤੇ ਕੁਝ ਅਫਵਾਹਾਂ ਨੇ ਪੂਰਾ ਜੋਰ ਫੜਿਆ ਜਿਸ ਨੂੰ ਵਿਰਾਮ ਲਗਾਉਂਦੇ ਹੋਏ ਡੀਆਈਜੀ ਫਰੀਦਕੋਟ ਰੇਜ਼ ਨਿਲੰਬਰੀ ਜਗਾਦਲੇ ਨੇ ਅਹਿਮ ਖੁਲਾਸੇ ਕੀਤੇ।
ਡੀਆਈਜੀ ਨਿਲੰਬਰੀ ਜਗਾਦਲੇ ਨੇ ਦੱਸਿਆ ਕਿ ਇਸ ਕਤਲ ਦੀ ਵਾਰਦਾਤ ਨੂੰ ਬਹੁਤ ਹੀ ਸੋਚੀ ਸਮਝੀ ਸਕੀਮ ਤਹਿਤ ਅੰਜ਼ਾਮ ਦਿੱਤਾ ਗਿਆ। ਮਾਮਲੇ ਦੀ ਜਾਂਚ ਦੌਰਾਨ ਕਈ ਅਹਿਮ ਸਬੂਤ ਮਿਲੇ ਜਿਸ ਤੋਂ ਪਤਾ ਲੱਗਿਆ ਕਿ ਹਰਕੰਵਲ ਪ੍ਰੀਤ ਅਤੇ ਰੁਪਿੰਦਰ ਦਰਮਿਆਨ ਪ੍ਰੇਮ ਸਬੰਧ ਸਨ ਜਿਨ੍ਹਾਂ ਦੀ ਕੋਸ਼ਿਸ਼ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਦੀ ਸੀ ਅਤੇ ਉਨ੍ਹਾਂ ਦੀ ਨਜ਼ਰ ਗੁਰਵਿੰਦਰ ਦੀ ਜਾਇਦਾਦ ‘ਤੇ ਵੀ ਸੀ, ਜਿਸ ਦੇ ਚੱਲਦੇ ਉਨ੍ਹਾਂ ਨੇ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਲਈ ਉਸਦੇ ਕਤਲ ਦੀ ਸਾਜਿਸ਼ ਘੜੀ, ਕਿਉਂਕਿ ਰੁਪਿੰਦਰ ਨੂੰ ਯਕੀਨ ਸੀ ਕਿ ਗੁਰਵਿੰਦਰ ਉਸਨੂੰ ਤਲਾਕ ਨਹੀਂ ਦੇਵੇਗਾ ਅਤੇ ਉਹ ਇੱਕ ਨਹੀਂ ਹੋ ਸਕਣਗੇ।
ਇਹ ਵੀ ਪੜ੍ਹੋ : ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੀ-20 ਮੈਚ ਅੱਜ, ਮੁੱਲਾਂਪੁਰ ਸਟੇਡੀਅਮ ‘ਚ ਖੇਡਿਆ ਜਾਵੇਗਾ ਮੈਚ
ਉਨ੍ਹਾਂ ਦੱਸਿਆ ਕਿ ਕਤਲ ਦੇ ਸਮੇਂ ਗੁਰਵਿੰਦਰ ਨਾਲ ਉਨ੍ਹਾਂ ਦੀ ਹੱਥੋਪਾਈ ਵੀ ਹੋਈ ਜਿਸ ਦੌਰਾਨ ਗੁਰਵਿੰਦਰ ਨੂੰ ਸੱਟਾਂ ਵੀ ਲੱਗੀਆਂ ਜੋ ਪੋਸਟਮਾਰਟਮ ਦੀ ਰਿਪੋਰਟ ਵਿੱਚ ਸਾਹਮਣੇ ਆਇਆ। ਰਿਪੋਰਟ ਮੁਤਾਬਕ ਉਸਦੀ ਹੱਤਿਆ ਸਾਹ ਘੁੱਟੇ ਜਾਣ ਨਾਲ ਹੋਈ ਪਰ ਵਿਸਰੇ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੱਤਿਆ ਤੋਂ ਪਹਿਲਾ ਨਸ਼ੇ ਜਾਂ ਜ਼ਹਿਰ ਦੇਣ ਸਬੰਧੀ ਪੁਸ਼ਟੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਜਦੋਂ ਗੁਰਵਿੰਦਰ ਦੀ ਹੱਤਿਆ ਹੋਈ ਉਸ ਸਮੇਂ ਉਸਦੇ ਸ਼ਰੀਰ ‘ਤੇ ਕੱਪੜੇ ਕਿਉਂ ਨਹੀਂ ਸਨ, ਇਸ ਸਬੰਧੀ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਜਾਂਚ ਦੌਰਾਨ ਘਰ ‘ਚੋਂ ਗਾਇਬ ਸੋਨਾ, ਗੁਰਵਿੰਦਰ ਦੇ ਕੱਪੜੇ ਅਤੇ ਕਤਲ ਮੌਕੇ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ।
ਉਨ੍ਹਾਂ ਦਸਿਆ ਕਿ ਹੱਤਿਆ ਤੋਂ ਬਾਅਦ ਰੁਪਿੰਦਰ ਦੇ ਪ੍ਰੇਮੀ ਅਤੇ ਉਸਦੇ ਸਾਥੀ ਦਾ ਚੰਡੀਗੜ੍ਹ ਜਾਣਾ ਅਤੇ ਫਿਰ ਉਥੋਂ ਮੁੰਬਈ ਜਾਣਾ ਉਨ੍ਹਾਂ ਦੀ ਸਾਜ਼ਿਸ਼ ਦਾ ਹੀ ਹਿੱਸਾ ਸੀ। ਉਨ੍ਹਾਂ ਵੱਡੀ ਗੱਲ ਤੋਂ ਪਰਦਾ ਚੁਕਦੇ ਕਿਹਾ ਕਿ ਰੁਪਿੰਦਰ ਖੁਦ ਕ੍ਰਾਇਮੋਲੋਜੀ ਦੀ ਪੜਾਈ ਕਰ ਚੁੱਕੀ ਹੈ ਜਿਸ ਕਾਰਨ ਉਸਦੇ ਸ਼ਾਤਿਰ ਦਿਮਾਗ ਵਿੱਚ ਅਜਿਹੀ ਸਾਜਿਜ਼ ਉਪਜੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਬਹੁਤ ਬਰੀਕੀ ਨਾਲ ਕੀਤੀ ਜਾ ਰਹੀ ਹੈ। ਜਿਸ ਨੂੰ ਇੰਨੀ ਜਲਦੀ ਮੁਕੱਮਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗੁਰਵਿੰਦਰ ਦਾ ਪਰਿਵਾਰ ਜਿਸ ਕਿਸੇ ਗੱਲ ਦੀ ਵੀ ਆਸ਼ੰਕਾ ਜਾਹਿਰ ਕਰਦਾ ਹੈ ਉਸਦੀ ਜਾਂਚ ਕਰ ਕੇ ਸੱਚਾਈ ਜਾਨਣ ਦੀ ਕੋਸ਼ਿਸ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਜੇਕਰ ਕਿਸੇ ਵੀ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























