ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਗ਼ੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਪਹਿਲੇ ਦਿਨ ਤੋਂ ਹੀ ਸਰਕਾਰ ਬਹੁਤ ਸਪੱਸ਼ਟ ਨੀਤੀ ਤਹਿਤ ਕੰਮ ਕਰ ਰਹੀ ਹੈ। ਆਪ ਦਾ ਇਹ ਵੀ ਦਾਅਵਾ ਹੈ ਕਿ ਬਹੁਤ ਜਲਦ ਪੰਜਾਬ ਨਾਜਾਇਜ਼ ਮਾਈਨਿੰਗ ਮੁਕਤ ਹੋਵੇਗਾ। ਇਸ ਸਬੰਧੀ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਮਗਰੋਂ ਪੰਜਾਬ ਵਿੱਚ ਹੁਣ ਤੱਕ ਗੈਰ-ਕਾਨੂੰਨੀ ਮਾਈਨਿੰਗ ਦੇ 306 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਸਬੰਧੀ ਸਭ ਤੋਂ ਵੱਧ 52 ਪਰਚੇ ਦਰਜ ਕੀਤੇ ਗਏ ਹਨ। ਬੈਂਸ ਨੇ ਕਿਹਾ ਕਿ ਗ਼ੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਆਮ ਆਦਮੀ ਪਾਰਟੀ ਦਾ ਹੀ ਕੋਈ ਆਗੂ ਜਾਂ ਵਰਕਰ ਕਿਉਂ ਨਾ ਹੋਵੇ।
ਇਸ ਸਬੰਧੀ ਮੰਤਰੀ ਹਰਜੋਤ ਬੈਂਸ ਨੇ ਆਪਣੇ ਟਵਿੱਟਰ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 306 ਮਾਮਲੇ ਦਰਜ ਕੀਤੇ ਹਾਏ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਹੁਸ਼ਿਆਰਪੁਰ ਵਿੱਚ ਦਰਜ ਕੀਤੇ ਗਏ, ਜਿਨ੍ਹਾਂ ਦੀ ਗਿਣਤੀ 52 ਹੈ। ਇਸ ਤੋਂ ਇਲਾਵਾ ਫਾਜ਼ਿਲਕਾ ਵਿੱਚ 34, ਰੋਪੜ ਵਿੱਚ 30, ਅੰਮ੍ਰਿਤਸਰ ਤੇ ਜਲੰਧਰ ਵਿੱਚ 23, ਲੁਧਿਆਣਾ ਵਿੱਚ 28 ਤੇ SBS ਨਗਰ ਵਿੱਚ 17 ਮਾਮਲੇ ਦਰਜ ਕੀਤੇ ਗਏ ਹਨ।
ਮੰਤਰੀ ਬੈਂਸ ਨੇ ਸਪੱਸ਼ਟ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਾਨੂੰਨੀ ਮਾਈਨਿੰਗ ਵਿੱਚ ਵਾਧਾ ਹੋਇਆ ਹੈ। ਬੀਤੇ ਸਮੇਂ ਤੋਂ ਇਹ ਗਿਣਤੀ 2.50 ਗੁਣਾ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਕੁਝ ਠੇਕੇਦਾਰਾਂ ਦੀ ਮਾਈਨਿੰਗ ਵਿੱਚ ਮਿਲੀਭੁਗਤ ਸਾਹਮਣੇ ਆਈ ਸੀ, ਜਿਨ੍ਹਾਂ ‘ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੀ ਸਿਕਓਰਿਟੀ ਸਰਕਾਰ ਨੇ ਜਬਤ ਕਰ ਲਈ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਹਲਕੇ ਅਧੀਨ ਆਉਂਦੇ ਪਿੰਡ ਕਾਹੀਵਾਲ ਵਿੱਚ ਨਾਜਾਇਜ਼ ਮਾਈਨਿੰਗ ਸੰਬੰਧੀ ਕੁਝ ਸ਼ਿਕਾਇਤਾਂ ਮਿਲੀਆਂ ਸਨ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਅਤੇ ਸਬੰਧਤ ਮਹਿਕਮੇ ਨੂੰ ਮੌਕੇ ‘ਤੇ ਪੜਤਾਲ ਕਰਨ ਲਈ ਭੇਜਿਆ ਅਤੇ ਪੜਤਾਲ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰਦਿਆਂ ਥਾਣਾ ਆਨੰਦਪੁਰ ਸਾਹਿਬ ਵਿਖੇ ਮੁਕੱਦਮੇ ਦਰਜ ਕੀਤੇ ਗਏ ।
ਵੀਡੀਓ ਲਈ ਕਲਿੱਕ ਕਰੋ -: