ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ । ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ । ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਸਿਮਰਤ ਬਾਦਲ ਨੇ ਕਿਹਾ ਕਿ ਅੱਜ ਸੰਗਰੂਰ ਹਲਕੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ । ਇਸ ਮੌਕੇ ਹਰਸਿਮਰਤ ਨੇ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੌਮੀ ਇਨਸਾਫ਼ ਲਈ ਬੀਬੀ ਕਮਲਦੀਪ ਕੌਰ ਦਾ ਸਾਥ ਦੇਣ । ਇਸ ਸੂਬੇ ਨੇ ਹਮੇਸ਼ਾ ਹੀ ਸ਼ਹੀਦਾਂ ਦਾ ਬਹੁਤ ਸਤਿਕਾਰ ਕੀਤਾ ਹੈ। ਸਾਡੀ ਸ਼ਾਨ ਸਾਡੇ ਸ਼ਹੀਦ ਹਨ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਜ਼ਿੰਦਾ ਸ਼ਹੀਦ ਜੋ 30-30 ਸਾਲ ਤੋਂ ਜੇਲ੍ਹਾਂ ਵਿੱਚ ਹਨ ਤੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਨ੍ਹਾਂ ਲਈ ਬੀਬੀ ਕਮਲਦੀਪ ਕੌਰ ਦਾ ਸਾਥ ਜ਼ਰੂਰ ਦਿਓ। ਬੀਬੀ ਕਮਲਜੀਤ ਕੌਰ ਰਾਜੋਆਣਾ ਉਨ੍ਹਾਂ ਬੰਦੀ ਸਿੰਘਾਂ ਦੀ ਹੀ ਲੜਾਈ ਲੜ ਰਹੇ ਹਨ, ਜੋ ਜੇਲ੍ਹਾਂ ਵਿੱਚ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਇਹ ਬੰਦੀ ਸਿੰਘ ਕੌਮ ਖਾਤਰ ਆਪਣੇ ਪਰਿਵਾਰ, ਖੁਸ਼ੀਆਂ ਤੇ ਸੁਪਨੇ ਤਿਆਗ ਕੇ ਜੇਲ੍ਹਾਂ ਵਿੱਚ ਸੜ੍ਹ ਰਹੇ ਹਨ।
ਇਹ ਵੀ ਪੜ੍ਹੋ: ਲੇਹ-ਲੱਦਾਖ ‘ਚ ਦੇਸ਼ ਦੀ ਰਾਖੀ ਕਰਦਾ ਪਿੰਡ ਸਲੌਦੀ ਦਾ ਨੌਜਵਾਨ ਹੋਇਆ ਸ਼ਹੀਦ
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਕੱਲ੍ਹ ਇੱਕ ਇਤਿਹਾਸ ਲਿਖਿਆ ਜਾਵੇਗਾ ਕਿ ਬੀਬੀ ਕਮਲਦੀਪ ਕੌਰ ਜੋ ਇਨ੍ਹਾਂ ਸ਼ਹੀਦਾਂ ਦੇ ਇਨਸਾਫ਼ ਲਈ ਅੱਗੇ ਅੱਗੇ ਆਏ ਹਨ, ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਕੋਈ ਸਿਆਸਤ ਵਿੱਚ ਨਹੀਂ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਕਰ ਕੇ ‘ਪੰਥ ਜੀਵੇ ਮੈਂ ਮਰਾਂ’ ਵਾਲੀ ਸੋਚ ਲੈ ਕੇ ਆਏ ਹਨ ।
ਉਨ੍ਹਾਂ ਕਿਹਾ ਕਿ ਮੈਂ ਸੰਗਰੂਰ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਇਹ ਫੈਸਲਾ ਉਨ੍ਹਾਂ ਦੇ ਹੱਥ ਵਿੱਚ ਹੈ ਕਿ ਉਨ੍ਹਾਂ ਨੇ ਇਨਸਾਫ ਦੇ ਨਾਲ ਖੜ੍ਹਨਾ ਹੈ ਜਾਂ ਜਿਨ੍ਹਾਂ ਨੇ ਬੇਇਨਸਾਫੀ ਕੀਤੀ, ਉਨ੍ਹਾਂ ਦੇ ਨਾਲ ਖੜ੍ਹਨਾ ਹੈ। ਇਹ ਇਤਿਹਾਸ ਕੱਲ੍ਹ ਲਿਖਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: