ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ, ਜਿਸ ਵਿੱਚ ਵੱਖ-ਵੱਖ ਸਿੱਖ ਮਾਮਲੇ ਵਿਚਾਰੇ ਗਏ ਹਨ। ਇਸ ਦੌਰਾਨ ਪੰਜ ਸਿੰਘ ਸਾਹਿਬਾਨ ਵੱਲੋਂ ਅਹਿਮ ਫੈਸਲੇ ਲਏ ਗਏ ਹਨ। ਸਿੰਘ ਸਹਿਬਾਨ ਵੱਲੋਂ ਵੱਖ-ਵੱਖ ਆਗੂਆਂ ਨੂੰ ਧਾਰਮਿਕ ਸਜ਼ਾਵਾਂ ਸੁਣਾਈਆਂ ਗਈਆਂ। ਅਕਾਲ ਤਖਤ ਵਿਖੇ ਹੋਈ ਅੱਜ ਦੀ ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਹਾਜ਼ਰ ਹਨ।
ਗਿਆਨੀ ਰਣਜੀਤ ਸਿੰਘ ਗੋਹਰ ਸੇਵਾਵਾਂ ਦੀ ਰੋਕ ਹਟਾਈ
ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਅਣਦੇਖੀ ਕੀਤੇ ਜਾਣ ਦੇ ਦੋਸ਼ ਸਾਬਤ ਨਹੀਂ ਹੋਏ, ਜਿਸ ‘ਤੇ ਜਥੇਦਾਰ ਸਹਿਬ ਨੇ ਉਨ੍ਹਾਂ ’ਤੇ ਧਰਮ ਪ੍ਰਚਾਰ ਧਾਰਮਿਕ ਸਰਗਰਮੀਆਂ ਕਰਨ ਤੇ ਲਗਾਈ ਰੋਕ ਹਟਾ ਦਿੱਤੀ ਹੈ। ਹੁਣ ਗਿਆਨੀ ਰਣਜੀਤ ਸਿੰਘ ਗੋਹਰ ਆਪਣੀਆਂ ਸੇਵਾਵਾਂ ਜਾਰੀ ਰੱਖ ਸਕਣਗੇ।
ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਮੁਆਫ਼ੀ ਪ੍ਰਵਾਨ
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਪੇਸ਼ ਹੋਏ ਹਨ। ਉਨ੍ਹਾਂ ਨੇ ਆਪਣੀਆਂ ਪੁਰਾਣੀਆਂ ਬਿਆਨਬਾਜ਼ੀਆਂ ਲਈ ਮੁਆਫ਼ੀ ਮੰਗੀ ਹੈ। ਪੰਜ ਸਿੰਘ ਸਾਹਿਬਾਨ ਨੇ ਢੱਡਰੀਆਂ ਵਾਲੇ ਦੀ ਮੁਆਫ਼ੀ ਪ੍ਰਵਾਨ ਕੀਤੀ ਹੈ। ਇਸ ਤਹਿਤ ਸ੍ਰੀ ਢੱਡਰੀਆਂ ਵਾਲੇ ਨੂੰ ਅਕਾਲ ਤਖਤ ਸਾਹਿਬ ਵੱਲੋਂ ਗੁਰਬਾਣੀ ਦੇ ਪ੍ਰਚਾਰ ‘ਤੇ ਲਗਾਈ ਰੋਕ ਹਟਾ ਦਿੱਤੀ ਗਈ ਹੈ। ਢੱਡਰੀਆਂ ਵਾਲੇ ਨੂੰ 510 ਰੁਪਏ ਦੀ ਦੇਗ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਮਾਫੀ ਮੰਗਣ ਦੇ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਦੇਗ ਕਰਵਾ ਕੇ ਅਰਦਾਸ ਕਰਵਾਈ ਹੈ।
ਇਹ ਵੀ ਪੜ੍ਹੋ : ਪੰਜ ਸਿੰਘ ਸਹਿਬਾਨ ਨੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਲਗਾਈ ਤਨਖਾਹ
ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਲਗਾਈ ਤਨਖਾਹ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੱਲੋਂ ਸਾਲ 2015 ਵਿੱਚ ਡੇਰਾ ਮੁਖੀ ਨੂੰ ਮੁਆਫੀ ਦੇਣ ਵਾਲੇ ਪੱਤਰ ’ਤੇ ਦਸਤਖਤ ਕੀਤੇ ਗਏ ਸਨ, ਨੂੰ ਤਨਖਾਹ ਲਗਾਈ ਗਈ ਹੈ। ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ 11 ਦਿਨ ਇੱਕ ਘੰਟਾ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਕਰਨਗੇ। ਇੱਕ ਘੰਟਾ ਜੋੜੇ ਸਾਫ਼ ਕਰਨ ਦੀ ਵੀ ਸੇਵਾ ਲਗਾਈ ਗਈ ਹੈ। ਇਸ ਦੇ ਨਾਲ ਹੀ 11 ਦਿਨ ਰੋਜ਼ਾਨਾ 2 ਜਪੁਜੀ ਸਾਹਿਬ ਦੇ ਪਾਠ, ਤ੍ਵ ਪ੍ਰਸਾਦਿ ਸਵਯੇ ਤੇ 1 ਆਸਾ ਕੀ ਵਾਰ ਦਾ ਪਾਠ ਵੀ ਕਰਨਗੇ। 11 ਦਿਨ ਸ੍ਰੀ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਕਰਨ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ 1100 ਰੁਪਏ ਦੀ ਦੇਗ ਕਰਵਾਉਣ ਦੇ ਆਦੇਸ਼ ਜਾਰੀ ਕੀਤਾ ਗਿਆ ਹੈ।
ਹਰਵਿੰਦਰ ਸਿੰਘ ਸਰਨਾ ਨੂੰ ਧਾਰਮਿਕ ਸਜ਼ਾ
ਹਰਵਿੰਦਰ ਸਿੰਘ ਸਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਅਤੇ ਆਪਣੀਆਂ ਬਿਆਨਬਾਜ਼ੀਆਂ ਲਈ ਮੁਆਫ਼ੀ ਮੰਗੀ। ਸਿੰਘ ਸਾਹਿਬਾਨ ਵੱਲੋਂ ਸਰਨਾ ਦੀ ਖਿਮਾ ਜਾਚਨਾ ਕੀਤੀ ਗਈ ਅਤੇ ਧਾਰਮਿਕ ਸੇਵਾ ਲਗਾਈ ਗਈ ਹੈ। ਹਰਵਿੰਦਰ ਸਿੰਘ ਸਰਨਾ ਨੂੰ 11 ਦਿਨ ਰੋਜ਼ਾਨਾ 2 ਜਪੁਜੀ ਸਾਹਿਬ ਤੇ 2 ਚੌਪਈ ਸਾਹਿਬ ਦੇ ਪਾਠ ਕਰਨ ਦਾ ਆਦੇਸ਼ ਦਿਤੇ ਗਏ ਹਨ। ਇਸ ਦੇ ਨਾਲ ਹੀ 11 ਦਿਨ ਬਾਅਦ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ 501 ਰੁਪਏ ਦੀ ਦੇਗ ਕਰਵਾਉਣ ਦਾ ਵੀ ਹੁਕਮ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
























