High court rules : ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਘਰ ਤੋਂ ਭੱਜਿਆ ਪ੍ਰਮੀ ਜੋੜਾ ਕੋਰਟ ਤੋਂ ਸੁਰੱਖਿਆ ਪਾਉਣ ਦਾ ਹੱਕਦਾਰ ਹੈ ਭਾਵੇਂ ਹੀ ਉਨ੍ਹਾਂ ‘ਚੋਂ ਇੱਕ ਦੀ ਉਮਰ ਵਿਆਹ ਦੇ ਲਾਇਕ ਨਾ ਹੋਵੇ ਅਤੇ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਹੋਣ। ਹਾਈਕੋਰਟ ਦੇ ਜਸਟਿਸ ਅਰੁਣ ਮੋਂਗਾ ਨੇ ਇਹ ਟਿੱਪਣੀ ਗੁਰਦਾਸਪੁਰ ਨਿਵਾਸੀ ਮਨਦੀਪ ਕੌਰ ਤੇ ਉਸ ਦੇ ਪ੍ਰੇਮੀ ਵੱਲੋਂ ਸੁਰੱਖਿਆ ਦੀ ਮੰਗ ਦੀ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਕੀਤੀ।
ਪ੍ਰੇਮੀ ਜੋੜੇ ‘ਚ ਲੜਕੇ ਦੀ ਉਮਰ 20 ਸਾਲ 6 ਮਹੀਨੇ ਤੇ ਲੜਕੀ ਦੀ ਉਮਰ 20 ਸਾਲ ਸੀ। ਦੋਵਾਂ ਨੇ ਇੱਕ-ਦੂਜੇ ਨਾਲ ਪਿਆਰ ਕਰਨ ਦਾ ਕੋਰਟ ‘ਚ ਦਾਅਵਾ ਕੀਤਾ। ਦੋਵਾਂ ਵੱਲੋਂ ਕੋਰਟ ‘ਚ ਦਾਅਵਾ ਕੀਤਾ ਗਿਆ ਕਿ ਉਹ ਮਾਤਾ-ਪਿਤਾ ਵੱਲੋਂ ਪੈਦਾ ਕੀਤੇ ਗਏ ਹਾਲਾਤਾਂ ਤੋਂ ਮਜਬੂਰ ਹੋ ਕੇ ਕੋਰਟ ‘ਚ ਆਏ ਹਨ। ਉਨ੍ਹਾਂ ਕਿਹਾ ਕਿ ਉਹ ਬਾਲਗ ਹਨ ਅਤੇ ਆਪਣੇ ਚੰਗ-ਬੁਰੇ ਬਾਰੇ ਸੋਚ ਸਕਦੇ ਹਨ। ਦੋਵਾਂ ਨੇ ਬੈਂਚ ਨੂੰ ਦੱਸਿਆ ਕਿ ਉਨ੍ਹਾਂ ਨੇ 20 ਸਤੰਬਰ ਨੂੰ ਪੰਚਕੂਲਾ ‘ਚ ਵਿਆਹ ਕੀਤਾ ਹੈ। ਜਸਟਿਸ ਮੋਂਗਾ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਦੋਵਾਂ ਦਾ ਵਿਆਹ ਹਿੰਦੂ ਵਿਆਹ ਅਧਿਨਿਯਮ ਤਹਿਤ ਮੰਨਣਯੋਗ ਨਹੀਂ ਹੈ ਪਰ ਮੁੱਦਾ ਇਹ ਨਹੀਂ ਹੈ। ਉਨ੍ਹਾਂ ਨੂੰ ਜੀਵਨ ਤੇ ਆਜ਼ਾਦੀ ਦੀ ਸੁਰੱਖਿਆ ਦੇ ਮੌਲਕ ਅਧਿਕਾਰ ਤੋਂ ਵਾਂਝਿਆਂ ਨਹੀਂ ਕੀਤਾ ਜਾ ਸਕਦਾ।
ਬੈਂਚ ਨੇ ਕਿਹਾ ਕਿ ਭਾਵੇਂ ਹੀ ਇਹ ਹਿੰਦੂ ਵਿਆਹ ਅਧਿਨਿਯਮ ਦੀ ਧਾਰਾ 5 ਦੀ ਉਲੰਘਣਾ ਹੈ ਕਿ ਮੌਜੂਦਾ ਮਾਮਲੇ ‘ਚ ਪਟੀਸ਼ਨਕਰਤਾ ਲੜਕਾ ਵਿਆਹ ਯੋਗ (21 ਸਾਲ) ਉਮਰ ਨਹੀਂ ਰੱਖਦਾ ਅਤੇ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਿਹਾ ਹੈ ਪਰ ਦੋਵੇਂ ਆਪਣੇ ਜੀਵਨ ਤੇ ਆਜ਼ਾਦੀ ਦੀ ਰੱਖਿਆ ਕਰਨ ਦਾ ਹੱਕਦਾਰ ਹੈ। ਨਾਗਰਿਕ ਦੇ ਜੀਵਨ ਤੇ ਆਜ਼ਾਦੀ ਦੀ ਰੱਖਿਆ ਕਰਨਾ ਸੂਬੇ ਦਾ ਫਰਜ਼ ਹੈ। ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਗੁਰਦਾਸਪੁਰ ਦੇ ਪੁਲਿਸ ਮੁਖੀ ਨੂੰ ਹੁਕਮ ਦਿੱਤਾ ਕਿ ਉਹ ਪਟੀਸ਼ਨਕਰਤਾ ਜੋੜੇ ਵੱਲੋਂ ਸੁਰੱਖਿਆ ਦੀ ਮੰਗ ਦੀ ਜਾੰਚ ਕਰਕੇ ਸਹੀ ਫੈਸਲਾ ਲੈ ਕੇ ਉਨ੍ਹਾਂ ਦੀ ਜਾਨ-ਮਾਲ ਦੀ ਰੱਖਿਆ ਕਰੇ।