ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਡੇਢ ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਇਹ ਵੱਡੀ ਕਾਰਵਾਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਇਤਲਾਹ ‘ਤੇ ਜਲੰਧਰ ਦੇ ਮੋਦੀ ਰਿਜੋਰਟ ਨੇੜੇ ਬੈਰਿੰਗ ਗੇਟ, ਹੇਡਨ ਪਾਰਕ ਵਿਖੇ ਸਰਵਿਸ ਰੋਡ ‘ਤੇ ਚੈਕਿੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਪਾਰਟੀ ਨੇ ਫਗਵਾੜਾ ਵਾਲੇ ਪਾਸੇ ਤੋਂ ਦੋ ਵਿਅਕਤੀਆਂ ਨੂੰ ਪੈਦਲ ਆਉਂਦੇ ਦੇਖਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇੱਕ ਵਿਅਕਤੀ ਮੋਢੇ ’ਤੇ ਬੈਗ ਲੈ ਕੇ ਜਾ ਰਿਹਾ ਸੀ ਕਿ ਸ਼ੱਕ ਪੈਣ ’ਤੇ ਪੁਲਿਸ ਪਾਰਟੀ ਨੇ ਉਕਤ ਨੌਜਵਾਨ ਨੂੰ ਰੋਕ ਕੇ ਚੈਕਿੰਗ ਕੀਤੀ ਜਿਸ ਦੌਰਾਨ ਉਹਨਾਂ ਪਾਸੋਂ 1.5 ਕਿਲੋ ਅਫ਼ੀਮ ਬਰਾਮਦ ਹੋਈ ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਹਿਚਾਣ ਵਰਿੰਦਰ ਡਾਗੀ ਪੁੱਤਰ ਰਾਮਜੀਤ ਡਾਗੀ ਵਾਸੀ ਪਿੰਡ ਓਟਾ ਮੋੜ, ਜ਼ਿਲ੍ਹਾ ਚਤਰਾ ਝਾਰਖੰਡ ਅਤੇ ਰਵੀ ਕੁਮਾਰ ਪੁੱਤਰ ਤਲੇਸ਼ਵਰ ਡਾਗੀ ਵਾਸੀ ਪਿੰਡ ਓਟਾ ਮੋੜ ਗੁੱਬਾ, ਪੀਓ ਨਵਦੀ ਦਾਮੋਲ, ਜ਼ਿਲ੍ਹਾ ਚਤਰਾ ਝਾਰਖੰਡ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਂਟ ਜਲੰਧਰ ਵਿਖੇ ਐਫਆਈਆਰ 77 ਮਿਤੀ 29-06-2024 ਅਧੀਨ 20-61-85 ਐਨਡੀਪੀਐਸ ਐਕਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਦਾ ਵੱਡਾ ਐਕਸ਼ਨ, 2,70,000 ਰੁ: ਰਿਸ਼ਵਤ ਲੈਣ ਦੇ ਦੋਸ਼ ਹੇਠ ASI ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ
ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਰਵੀ ਨੇ ਮੰਨਿਆ ਕਿ ਗਰੀਬੀ ਕਾਰਨ ਉਹ ਅਫੀਮ ਦੀ ਤਸਕਰੀ ਦਾ ਧੰਦਾ ਕਰਦਾ ਸੀ। ਇਸੇ ਤਰ੍ਹਾਂ ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਰਿੰਦਰ 2001 ਵਿੱਚ ਮੁੰਬਈ ਗਿਆ ਸੀ ਅਤੇ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ 2018 ‘ਚ ਉਹ ਬੀਮਾਰੀ ਕਾਰਨ ਆਪਣੇ ਸੂਬੇ ਵਾਪਿਸ ਪਰਤਿਆ, ਜਿਸ ਤੋਂ ਬਾਅਦ ਅਫੀਮ ਦੀ ਤਸਕਰੀ ਕਰਨ ਲੱਗਾ। ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ, ਜੇਕਰ ਕੋਈ ਹਨ, ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: