ਜਲੰਧਰ ਦੇ ਪੁਲਿਸ ਕਮਿਸ਼ਨਰੇਟ ਨੇ 24 ਘੰਟਿਆਂ ਦੇ ਅੰਦਰ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਿਮਾਚਲੀ ਦੇਵੀ ਪੁੱਤਰੀ ਹਰੀ ਸਰਨ ਵਾਸੀ ਭੰਗਲੇਮਾਜਰਾ ਕਪਾਹੀ ਥਾਣਾ ਕਪਾਹੀ, ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਹਾਲ ਵਾਸੀ ਪਿੰਡ ਗਦਾਈਪੁਰ ਜਲੰਧਰ ਅਤੇ ਸਨੋਜ ਕੁਮਾਰ ਪੁੱਤਰ ਸੁਰੇਸ਼, ਪਟਨਾ ਬਿਹਾਰ, ਹਾਲ ਵਾਸੀ ਗਦਾਈਪੁਰ ਜਲੰਧਰ ਵਜੋਂ ਹੋਈ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਜੋਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਬੰਦ ਘਰ ਵਿੱਚੋਂ ਬਦਬੂ ਆਉਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਥਾਣਾ ਡਿਵੀਜ਼ਨ 8 ਜਲੰਧਰ ਦੀਆਂ ਪੁਲਿਸ ਟੀਮਾਂ ਨੇ ਤੁਰੰਤ ਕਾਲ ਦਾ ਜਵਾਬ ਦਿੱਤਾ ਅਤੇ ਫਿੰਗਰਪ੍ਰਿੰਟ ਅਤੇ ਡੌਗ ਸਕੁਐਡ ਟੀਮਾਂ ਨਾਲ ਮੌਕੇ ‘ਤੇ ਪਹੁੰਚ ਗਏ। ਜੋਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਵਿਨੋਦ ਕੁਮਾਰ ਉਰਫ਼ ਨਕੁਲ ਕੁਮਾਰ ਵਜੋਂ ਹੋਈ ਹੈ, ਜਿਸ ਦੀ ਲਾਸ਼ ਘਰ ਦੇ ਉਪਰਲੇ ਹਿੱਸੇ ਵਿੱਚ ਇੱਕ ਬੈੱਡ ਦੇ ਅੰਦਰੋਂ ਬਰਾਮਦ ਹੋਈ ਹੈ।
ਜੋਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਥਾਣਾ ਡਿਵੀਜ਼ਨ 8 ਜਲੰਧਰ ਵਿਖੇ ਐਫਆਈਆਰ 98 ਮਿਤੀ 07-05-2024 ਅਧੀਨ 302, 201,34 ਆਈਪੀਸੀ ਦਰਜ ਕੀਤੀ ਗਈ ਸੀ। ਇਸ ਮਗਰੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਪਤਾ ਲਗਾ ਲਿਆ ਹੈ।
ਇਹ ਵੀ ਪੜ੍ਹੋ : ਪਟਿਆਲਾ : ਖੇਡਦੇ-ਖੇਡਦੇ ਦੋ ਸਾਲਾਂ ਮਾਸੂਮ ਨਾਲ ਵਾਪਰਿਆ ਭਾਣਾ, ਪਾਣੀ ਦੀ ਬਾਲਟੀ ’ਚ ਡੁੱ.ਬਣ ਨਾਲ ਹੋਈ ਮੌ.ਤ
ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹਿਮਾਚਲੀ ਦੇਵੀ ਨੇ ਕਬੂਲ ਕੀਤਾ ਕਿ ਉਸਨੇ ਸਨੋਜ ਕੁਮਾਰ ਦੀ ਮਦਦ ਨਾਲ ਵਿਨੋਦ ਕੁਮਾਰ ਦਾ ਕਤਲ ਕੀਤਾ, ਜੋ ਨਿੱਜੀ ਰੰਜਿਸ਼ ਕਾਰਨ ਉਸ ਨੂੰ ਜਨਤਕ ਤੌਰ ‘ਤੇ ਬਦਨਾਮ ਕਰ ਰਿਹਾ ਸੀ, ਜਿਸ ਕਾਰਨ ਪਰੇਸ਼ਾਨੀ ਵਧ ਗਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਤਲ ਵਿੱਚ ਸ਼ਾਮਲ ਇਨ੍ਹਾਂ ਦੋਸ਼ੀਆਂ ਦੇ ਕਿਸੇ ਵੀ ਅਪਰਾਧਿਕ ਪਿਛੋਕੜ ਦਾ ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: