ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਏ ਮੀਂਹ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ । ਇੱਕ ਪਾਸੇ ਜਿੱਥੇ ਗਰਮੀ ਦੇ ਪ੍ਰਕੋਪ ਵਿਚਾਲੇ ਠੰਡੀਆਂ ਹਵਾਵਾਂ ਅਤੇ ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਉੱਥੇ ਹੀ ਇਹ ਭਾਰੀ ਮੀਂਹ ਤੇ ਹਨੇਰੀ ਜਲੰਧਰ ਵਿੱਚ ਇੱਕ ਪਰਿਵਾਰ ‘ਤੇ ਕਹਿਰ ਬਣ ਕੇ ਵਰ੍ਹਿਆ। ਦਰਅਸਲ, ਐਤਵਾਰ ਦੇਰ ਰਾਤ ਆਏ ਤੂਫਾਨ ਕਾਰਨ ਇੱਕ ਘਰ ਦੀ ਉਸਾਰੀ ਅਧੀਨ ਦੀਵਾਰ ਗੁਆਂਢ ਵਿੱਚ ਵਿਹੜੇ ਵਿੱਚ ਸੌਂ ਰਹੇ ਪਰਿਵਾਰਕ ਮੈਂਬਰਾਂ ‘ਤੇ ਡਿੱਗ ਗਈ, ਜਿਸ ਦੌਰਾਨ ਮੌਕੇ ‘ਤੇ ਹੀ ਦੋ ਔਰਤਾਂ ਭਰਜਾਈ ਅਤੇ ਨਨਾਣ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ।
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਛਾਉਣੀ ਥਾਣਾ ਸਦਰ ਅਧੀਨ ਆਉਂਦੇ ਪਿੰਡ ਧੀਣਾ ਵਿੱਚ ਬੀਤੀ ਰਾਤ ਆਏ ਮੀਂਹ ਅਤੇ ਹਨੇਰੀ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਤਿੰਨ ਮੰਜ਼ਿਲਾ ਨਵੀਂ ਬਣ ਰਹੀ ਇਮਾਰਤ ਦੀ ਕੰਧ ਡਿੱਗਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ, ਜਦਕਿ ਬਾਪ ਤੇ ਬੇਟਾ ਗੰਭੀਰ ਜ਼ਖ਼ਮੀ ਹੋ ਗਏ ਹਨ। ਥਾਣਾ ਮੁਖੀ ਸਦਰ ਅਜਾਇਬ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵੰਦਨਾ ਤੇ ਮਨਪ੍ਰੀਤ ਕੌਰ ਵਜੋਂ ਹੋਈ ਹੈ । ਇਸ ਹਾਦਸੇ ਦੌਰਾਨ ਰਾਜ ਕੁਮਾਰ ਅਤੇ ਉਸ ਦਾ ਪੁੱਤਰ ਮੋਹਿਤ ਗੰਭੀਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਪਿਮਸ ਅਤੇ ਐਸਜੀਐਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ।
ਇਹ ਵੀ ਪੜ੍ਹੋ: ਜੇਲ੍ਹ ‘ਚੋਂ ਬਾਹਰ ਆਏ ਸਿੱਧੂ ! ਮੈਡੀਕਲ ਚੈੱਕਅਪ ਲਈ ਲਿਆਂਦੇ ਗਏ ਪਟਿਆਲਾ ਦੇ ਸਰਕਾਰੀ ਹਸਪਤਾਲ
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਤੂਫ਼ਾਨ ਆਉਣ ਕਰਕੇ ਤਿੰਨ ਮੰਜ਼ਲਾ ਨਵੀਂ ਇਮਾਰਤ ਦੀ ਕੰਧ ਬਣਾਈ ਗਈ ਸੀ ਤੇ ਨਾਲ ਵਾਲੇ ਘਰ ਦੀ ਛੱਤ ਤੇ ਇਹ ਸਾਰਾ ਪਰਿਵਾਰ ਸੁੱਤਾ ਪਿਆ ਸੀ। ਰਾਤ ਇੱਕ ਵਜੇ ਦੇ ਕਰੀਬ ਨਵੀਂ ਬਣੀ ਇਮਾਰਤ ਦੀ ਕੰਧ ਸੁੱਤੇ ਪਏ ਪਰਿਵਾਰ ‘ਤੇ ਡਿੱਗ ਗਈ । ਇਸ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਹੈ।
ਵੀਡੀਓ ਲਈ ਕਲਿੱਕ ਕਰੋ -: