ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਵੀਰਵਾਰ ਦੁਪਹਿਰ ਕਰੀਬ 3 ਵਜੇ ਫੌਜ ਦੇ ਟਰੱਕ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸਦੇ ਬਾਅਦ ਟਰੱਕ ਵਿੱਚ ਅੱਗ ਲੱਗ ਗਈ, ਜਿਸ ਵਿੱਚ ਪੰਜਾਬ ਦੇ 4 ਜਵਾਨਾਂ ਸਣੇ 5 ਫੌਜੀ ਸ਼ਹੀਦ ਹੋ ਗਏ। ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਰਾਸ਼ਟਰੀ ਰਾਇਫਲਜ਼ ਯੂਨਿਟ ਦੇ 5 ਜਵਾਨਾਂ ਵਿੱਚ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਦਾ ਫੌਜੀ ਜਵਾਨ ਕੁਲਵੰਤ ਸਿੰਘ ਵੀ ਸ਼ਹੀਦ ਹੋ ਗਿਆ।
ਕੁਲਵੰਤ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਜਿਵੇਂ ਹੀ ਉਸਦੇ ਘਰ ਪਹੁੰਚੀ ਤਾਂ ਉਸਦੇ ਘਰ ਵਿੱਚ ਮਾਤਮ ਛਾ ਗਿਆ। ਕੁਲਦੀਪ ਸਿੰਘ ਦੀ ਪਤਨੀ ਸੰਦੀਪ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ਹੀਦ ਕੁਲਵੰਤ ਸਿੰਘ 13 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਦੋ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਸ਼ਹੀਦ ਕੁਲਵੰਤ ਸਿੰਘ ਦੀ ਡੇਢ ਸਾਲ ਦੀ ਕੁੜੀ ਅਤੇ ਤਿੰਨ ਮਹੀਨਿਆਂ ਦਾ ਮੁੰਡਾ ਹੈ। ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਵੀ ਫੌਜ ਵਿੱਚ ਸਨ ਅਤੇ ਉਹ ਵੀ ਕਾਰਗਿਲ ਯੁੱਧ ਦੌਰਾਨ ਸ਼ਹੀਦ ਹੋ ਗਏ ਸਨ। ਸ਼ਹੀਦ ਕੁਲਵੰਤ ਸਿੰਘ ਇੱਕ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਡਿਊਟੀ ‘ਤੇ ਵਾਪਸ ਗਿਆ ਸੀ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ : ਅੱਤਵਾਦੀ ਹਮਲੇ ‘ਚ ਪੰਜਾਬ ਦੇ 4 ਜਵਾਨਾਂ ਸਣੇ 5 ਸ਼ਹੀਦ, CM ਮਾਨ ਨੇ ਦਿੱਤੀ ਸ਼ਰਧਾਂਜਲੀ
ਦੱਸ ਦੇਈਏ ਕਿ ਨਾਰਦਨ ਕਮਾਂਡ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਜਵਾਨਾਂ ਨੂੰ ਲੈ ਕੇ ਟਰੱਕ ਭਿੰਬਰ ਗਲੀ ਤੋਂ ਪੁੰਛ ਵੱਲ ਜਾ ਰਿਹਾ ਸੀ। ਇਸ ਦੌਰਾਨ ਕਾਫੀ ਜ਼ਿਆਦਾ ਬਾਰਿਸ਼ ਹੋਣ ਕਾਰਨ ਵਿਜ਼ੀਬਿਲਿਟੀ ਬਹੁਤ ਘੱਟ ਸੀ। ਅੱਤਵਾਦੀਆਂ ਨੇ ਇਸੇ ਦਾ ਫਾਇਦਾ ਚੁੱਕਦਿਆਂ ਫੌਜ ਦੇ ਟਰੱਕ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 5 ਫੌਜੀ ਜਵਾਨ ਸ਼ਹੀਦ ਹੋ ਗਏ ਤੇ ਇੱਕ ਦੀ ਹਾਲਤ ਗੰਭੀਰ ਹੈ। ਜਿਸਨੂੰ ਰਾਜੌਰੀ ਵਿੱਚ ਫੌਜ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: