ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਕਬੀਰਪੁਰ ਥਾਣੇ ਅਧੀਨ ਪੈਂਦੇ ਇੰਦਰਾਪੁਰ ਮੰਡ ਖੇਤਰ ਵਿੱਚ ਆਬਕਾਰੀ ਤੇ ਪੁਲਿਸ ਵਿਭਾਗ ਦੀ ਟੀਮ ਵੱਲੋਂ ਵਿਸ਼ੇਸ਼ ਸਰਚ ਅਭਿਆਨ CASO ਚਲਾਇਆ ਗਿਆ ਸੀ। ਇਸ ਦੌਰਾਨ ਟੀਮ ਨੇ 25500 ਕਿਲੋ ਲਾਹਣ ਬਰਾਮਦ ਕੀਤੀ ਹੈ। ਇਹ ਕਾਰਵਾਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਵਧੀ ਚੌਕਸੀ ਦੇ ਹਿੱਸੇ ਵਜੋਂ ਕੀਤੀ ਗਈ ਹੈ।
ਪੁਲਿਸ ਅਧਿਕਾਰੀਆਂ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਗੋਪਾਲ ਗੇਰਾ ਦੀ ਅਗਵਾਈ ਹੇਠ ਇੰਦਰਾਪੁਰ ਇਲਾਕੇ ਵਿੱਚ ਕੀਤੀ ਸਾਂਝੀ ਛਾਪੇਮਾਰੀ ਦੌਰਾਨ 13 ਤਰਪਾਲਾਂ ਅਤੇ 3 ਲੋਹੇ ਦੇ ਡਰੰਮ ਵੀ ਬਰਾਮਦ ਕੀਤੇ ਗਏ। ਟੀਮ ਨੇ ਬਰਾਮਦ ਲਾਹਣ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਅਤੇ ਥਾਣਾ ਕਬੀਰਪੁਰ ਵਿਖੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ, ਪੰਜਾਬ ਪੁਲਿਸ ਅਤੇ ਫਲਾਇੰਗ ਸਕੁਐਡ ਵੱਲੋਂ ਸਮਾਜ ਵਿਰੋਧੀ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਵਿਸ਼ੇਸ਼ ਤੌਰ ‘ਤੇ ਮੰਡ ਖੇਤਰਾਂ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਨਾਜਾਇਜ਼ ਸ਼ਰਾਬ ਦੀ ਸਪਲਾਈ ਰੋਕਣ ਦੇ ਨਾਲ-ਨਾਲ ਸ਼ਾਹੂਕਾਰਾਂ ਨੂੰ ਵੀ ਕਾਬੂ ਕੀਤਾ ਜਾਵੇ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ 19 ਸਾਲਾਂ ਨੌਜਵਾਨ ਦਾ ਕ.ਤ.ਲ, ਪ੍ਰੇਮ ਸਬੰਧਾਂ ਦੇ ਚਲਦਿਆਂ ਵਾ.ਰਦਾ.ਤ ਨੂੰ ਦਿੱਤਾ ਅੰਜਾਮ
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਟੀਮਾਂ ਵੱਲੋਂ ਸਾਰੇ ਅਧਿਕਾਰ ਖੇਤਰ ਵਾਲੇ ਸ਼ਰਾਬ ਦੇ ਠੇਕਿਆਂ, ਆਬਕਾਰੀ ਲਾਇਸੰਸ ਧਾਰਕਾਂ ਜਿਵੇਂ ਕਿ ਹਾਰਡ ਬਾਰ, ਐਲ-17 ਲਾਇਸੰਸਧਾਰਕਾਂ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: