Lack of oxygen : ਜਲੰਧਰ : ਬੀਤੇ ਲਗਭਗ 10 ਦਿਨ ਤੋਂ ਪੈਦਾ ਹੋਈ ਆਕਸੀਜਨ ਸਿਲੰਡਰਾਂ ਦੀ ਭਾਰੀ ਕਮੀ ਨਾਲ ਘੱਟ ਤੋਂ ਘੱਟ ਜਲੰਧਰ ਦੀ ਇੰਡਸਟਰੀ ਨੂੰ ਤਾਂ ਸ਼ਟਡਾਊਨ ਦੇ ਕਿਨਾਰੇ ਖੜ੍ਹਾ ਕਰ ਦਿੱਤਾ ਹੈ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਉਦਯੋਗਿਕ ਇਕਾਈਆਂ ਦੇ ਅੰਦਰ ਆਪਣੀ ਹੀ ਛੋਟੀ ਰਿਪੇਅਰ ਲਈ ਵੈਲਡਿੰਗ ਤਕ ਵੀ ਸੰਭਵ ਨਹੀਂ ਹੋ ਰਹੀ ਹੈ।
ਹੈਂਡ ਟੂਲ ਮੈਨੂਫੈਕਚਰਸ ਐਸੋਸੀਏਸ਼ਨ ਅਤੇ ਦਿ ਜਲੰਧਰ ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਨੇ ਡੀ. ਸੀ. ਨੂੰ ਪੱਤਰ ਲਿਖ ਕੇ ਇੰਡਸਟਰੀ ਲਈ ਜਲਦੀ ਹੀ ਆਕਸੀਜਨ ਸਿਲੰਡਰ ਉਪਲਬਧ ਕਰਵਾਉਣ ਦੀ ਗੁਹਾਰ ਲਗਾਈ ਹੈ। ਐਸੋਸੀਏਸਨ ਦੇ ਸੱਕਤਰ ਅਸ਼ਵਨੀ ਵਿਕਟਰ ਵੱਲੋਂ ਲਿਖੇ ਇਸ ਪੱਤਰ ‘ਚ ਕਿਹਾ ਗਿਆ ਹੈ ਕਿ ਇੰਡਸਟਰੀ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤਾਂ ਤੇ ਹਸਪਤਾਲਾਂ ‘ਚ ਆਕਸੀਜਨ ਦੀ ਸਪਲਾਈ ਦੀ ਲੋੜ ਤੋਂ ਚੰਗੀ ਤਰ੍ਹਾਂ ਜਾਣੂ ਹੈ ਪਰ ਇਹ ਵੀ ਸੱਚ ਹੈ ਕਿ ਇੰਡਸਟਰੀ ਸੈਕਟਰ ਨੂੰ ਰੋਕੀ ਗਈ ਆਕਸੀਜਨ ਸਿਲੰਡਰ ਦੀ ਸਪਲਾਈ ਨਾਲ ਮਾਮੂਲੀ ਰਿਪੇਅਰ ਤੱਕ ਵੀ ਬੰਦ ਹੋ ਗਈ ਹੈ। ਸਮਰੱਥਾ ਮੁਤਾਬਕ ਵੱਖ-ਵੱਖ ਉਦਯੋਗਿਕ ਇਕਾਈਆਂ ‘ਚ ਆਕਸੀਜਨ ਸਿਲੰਡਰ ਦੀ ਲੋੜ ਵੱਖ-ਵੱਖ ਹੈ।
ਐਕਸਪੋਰਟ ਯੂਨਿਟ ਦੇ ਅੰਦਰ ਰਿਪੇਅਰ ਬੰਦ ਹੋਣ ਕਾਰਨ ਮਸ਼ੀਨਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਹਨ ਤੇ ਸਮੇਂ ‘ਤੇ ਐਕਸਪੋਰਟ ਆਰਡਰ ਪੂਰੇ ਨਹੀਂ ਹੋ ਰਹੇ ਹਨ। ਅਸ਼ਵਨੀ ਵਿਕਟਰ ਨੇ ਚਿੱਠੀ ‘ਚ ਡੀ. ਸੀ. ਨੂੰ ਅਪੀਲ ਕੀਤੀ ਹੈ ਕਿ ਤਤਕਾਲ ਆਕਸੀਜਨ ਸਿਲੰਡਰ ਬਣਾਉਣ ਵਾਲੇ ਪਲਾਂਟਾਂ ਨੂੰ ਇੰਡਸਟਰੀ ਸੈਕਟਰ ਨੂੰ ਵੀ ਆਕਸੀਜਨ ਸਿਲੰਡਰ ਮੁਹੱਈਆ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇੰਡਸਟਰੀ ਸੈਕਟਰ ‘ਚ ਆਕਸੀਜਨ ਸਿਲੰਡਰ ਉਪਲਬਧ ਨਾ ਹੋਣ ਕਾਰਨ ਗੈਸ ਕਟਿੰਗ ਦਾ ਕੰਮ ਲਗਭਗ ਬੰਦ ਹੋ ਗਿਆ ਹੈ ਜਿਸ ਕਾਰਨ ਉਦਯੋਗਿਕ ਇਕਾਈਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਕਸੀਜਨ ਸਿਲੰਡਰ ਬਣਾਉਣ ਵਾਲੇ ਪਲਾਂਟਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਸਮੇਂ ਜਲੰਧਰ ‘ਚ ਮਕੈਨੀਕਲ ਆਧਾਰਿਤ ਦੋ ਪਲਾਂਟ ਰੋਜ਼ਾਨਾ 1600 ਦੇ ਲਗਭਗ ਆਕਸੀਜਨ ਸਿਲੰਡਰ ਦਾ ਉਤਪਾਦਨ ਕਰ ਰਹੇ ਹਨ ਜਦੋਂ ਕਿ ਹਸਪਤਾਲਾਂ ‘ਚ ਰੋਜ਼ਾਨਾ ਦੀ ਆਕਸੀਜਨ ਸਿਲੰਡਰ ਦੀ ਸਪਲਾਈ ਸਾਧਾਰਨ ਦਿਨਾਂ ਦੀ ਤੁਲਨਾ ‘ਚ 3 ਗੁਣਾ ਵਧਾ ਕੇ 2200 ਤੋਂ ਲੈ ਕੇ 2500 ਤੱਕ ਕਰ ਦਿੱਤੀ ਗਈ ਹੈ।