Lawrence Bishnoi gang : ਮਲੋਟ : ਕੱਲ੍ਹ ਉਸ ਸਮੇਂ ਹਲਕਾ ਮਲੋਟ ਵਿਖੇ ਸਨਸਨੀ ਫੈਲ ਗਈ ਜਦੋਂ ਦੁਪਹਿਰ ਦੇ ਸਮੇਂ ਪਿੰਡ ਔਲਖ ਦੇ ਫਾਈਨਾਂਸਰ ਰਣਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਪਤਾ ਲੱਗਾ ਹੈ ਕਿ ਰਣਜੀਤ ਪਤਨੀ ਨੂੰ ਨਾਲ ਲੈ ਕੇ ਮੁਕਤਸਰ ਤੋਂ ਪਿੰਡ ਔਲਖ ‘ਚ ਦਵਾਈ ਲੈਣ ਲਈ ਗਿਆ ਸੀ। ਮੁਲਜ਼ਮਾਂ ਨੇ ਕਾਰ ‘ਚ ਹੀ ਰਣਜੀਤ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਹ ਵੀ ਖਬਰ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਰਣਜੀਤ ਸਿੰਘ ਮੁਕਤਸਰ (37) ਫਾਈਨਾਂਸ ਦਾ ਕੰਮ ਕਰਦਾ ਸੀ। ਉਹ ਆਪਣੀ ਪਤਨੀ ਦੀ ਦਵਾਈ ਲੈਣ ਲਈ ਪਿੰਡ ਔਲਖ ਗਿਆ ਹੋਇਆ ਸੀ ਤੇ ਜਿਵੇਂ ਹੀ ਉਹ ਪਿੰਡ ਔਲਖ ‘ਚ ਹਸਪਤਾਲ ਦੇ ਸਾਹਮਣੇ ਪੁੱਜੇ ਤਾਂ ਉਥੇ ਸਵਿਫਟ ਕਾਰ ਸਵਾਰ 4 ਨੌਜਵਾਨਾਂ ਨੇ ਰਣਜੀਤ ਸਿੰਘ ‘ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਨਾਲ ਰਣਜੀਤ ਸਿੰਘ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਤੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਐੱਸ. ਪੀ. ਰਾਜਪਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਅਜੇ ਬਿਆਨ ਦੇਣ ਦੀ ਹਾਲਤ ‘ਚ ਨਹੀਂ ਹੈ ਤੇ ਬਿਆਨ ਲੈਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਰਣਜੀਤ ਸਿੰਘ ‘ਤੇ ਪਹਿਲਾਂ ਐੱਨਡੀਪੀਐੱਸ ਐਕਟ ਦੇ ਮਾਮਲੇ ਦਰਜ ਹਨ। ਮ੍ਰਿਤਕ ਦਾ ਵਿਆਹ ਅਜੇ ਢਾਈ ਸਾਲ ਪਹਿਲਾਂ ਹੀ ਹੋਇਆ ਸੀ ਤੇ ਉਸ ਦੀ ਪਤਨੀ ਗਰਭਵਤੀ ਹੈ। ਮ੍ਰਿਤਕ ਦਾ ਪਿਛਲਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਣਜੀਤ ਸਿੰਘ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਸੀ। ਪੁਲਿਸ ਵੱਲੋਂ ਛੇਤੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।