ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦੇ ਹੋਏ 2 ਔਰਤਾਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਨ੍ਹਾਂ ਦੇ ਕਬਜ਼ੇ ‘ਚੋਂ ਨਸ਼ੀਲਾ ਪਦਾਰਥ, ਹੈਰੋਇਨ, ਗਾਂਜਾ ਅਤੇ ਸ਼ਰਾਬ ਬਰਾਮਦ ਹੋਈ ਹੈ। ਇਨ੍ਹਾਂ ਖਿਲਾਫ 6 ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਟਰੱਕ ਦੀ ਡੀਜ਼ਲ ਟੈਂਕੀ ਵਿੱਚ ਨਸ਼ੀਲੇ ਪਦਾਰਥਾਂ ਨੂੰ ਛੁਪਾ ਕੇ ਲਿਜਾ ਰਹੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਏਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਬਲਜੀਤ ਸਿੰਘ, ਗੁਰਦੀਪ ਸਿੰਘ ਵਾਸੀ ਸਾਹਨੇਵਾਲ ਵਾਰਡ ਨੰ-2 ਸਿਵਲ ਹਸਪਤਾਲ ਦੇ ਪਿੱਛੇ ਅਤੇ ਤਪਿੰਦਰ ਸਿੰਘ ਵਾਸੀ ਜੰਡਿਆਲੀ ਰੋਡ ਸਾਹਨੇਵਾਲ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 1.02 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਜੀ.ਟੀ ਰੋਡ ‘ਤੇ ਸਥਿਤ ਭਰਵਾਂ ਦਾ ਢਾਬਾ ‘ਤੇ ਛਾਪਾ ਮਾਰ ਕੇ ਬਾਹਰ ਖੜ੍ਹੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਜਨਕਪੁਰੀ ਦੀ ਗਲੀ ਨੰਬਰ 14 ਦੀ ਰਹਿਣ ਵਾਲੀ ਇਕ ਔਰਤ ਦੇ ਘਰ ਛਾਪਾ ਮਾਰ ਕੇ ਉਸ ਨੂੰ 3 ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ। ਏਐਸਆਈ ਬਲੌਰ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਪੂਜਾ ਵਜੋਂ ਹੋਈ ਹੈ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਫੋਕਲ ਪੁਆਇੰਟ ਦੇ ਅਰਬਨ ਅਸਟੇਟ ਇਲਾਕੇ ‘ਚ ਨਾਕਾਬੰਦੀ ਦੌਰਾਨ ਔਰਤ ਨੂੰ 900 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ ਹੈ। ਏਐਸਆਈ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਲਲਿਤਾ ਦੇਵੀ ਵਾਸੀ ਜੀਵਨ ਨਗਰ ਦੀ ਗਲੀ ਨੰਬਰ 20 ਵਜੋਂ ਹੋਈ ਹੈ।