ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਘਵ ਚੱਢਾ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਸਿੰਘਾਸਨ ਨੂੰ ਵਾਪਸ ਭਾਰਤ ਲਿਆਉਣ ਦਾ ਮੁੱਦਾ ਉਠਾਇਆ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ ਲੰਡਨ ਦੇ ਵਿਕਟੋਰੀਆ ਅਤੇ ਐਲਬਰਟ ਮਿਊਜ਼ੀਅਮ ਵਿੱਚ ਰੱਖਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੁੱਦਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।
ਰਾਘਵ ਚੱਢਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਯੂਨਾਈਟਿਡ ਕਿੰਗਡਮ ਸਰਕਾਰ ਨਾਲ ਸੰਪਰਕ ਕਰਨ ਲਈ ਕੂਟਨੀਤੀ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸ਼ਾਹੀ ਸਿੰਘਾਸਨ ਨੂੰ ਆਪਣੇ ਦੇਸ਼ ਵਾਪਸ ਲਿਆਂਦਾ ਜਾ ਸਕੇ। ਨਾਲ ਹੀ, ਇਸਨੂੰ ਆਮ ਲੋਕਾਂ ਦੇ ਵੇਖਣ ਲਈ ਰੱਖਿਆ ਜਾਣਾ ਚਾਹੀਦਾ ਹੈ। ਰਾਘਵ ਚੱਢਾ ਨੇ ਇਹ ਵੀ ਮੰਗ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਇਤਿਹਾਸ ਵੀ ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇ ਤਾਂ ਜੋ ਉਹ ਅੱਜ ਦੇ ਸਿਆਸੀ ਦੌਰ ਵਿੱਚ ਚੰਗੇ ਸ਼ਾਸਨ ਦੇ ਅਸਲ ਅਰਥ ਜਾਣ ਸਕਣ।
ਰਾਘਵ ਚੱਢਾ ਨੇ ਰਾਜ ਸਭਾ ‘ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਂ ਖ਼ੁਸ਼ਕਿਸਮਤ ਹਾਂ ਕਿ ਮੈਂ ਪੰਜਾਬ ਤੋਂ ਆਇਆ ਹਾਂ ਜਿੱਥੇ ਕਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੱਚਮੁੱਚ ਵਧੀਆ ਸ਼ਾਸਨ ਸੀ, ਜਿੱਥੇ ਸਾਰਿਆਂ ਨੂੰ ਇਨਸਾਫ਼ ਮਿਲਦਾ ਸੀ। ਉਹ ਅਜਿਹੇ ਮਹਾਨ ਯੋਧਾ ਸਨ, ਜਿਨ੍ਹਾਂ ਦੇ ਨਾਂ ਨਾਲ ਮਹਾਨ ਯੋਧਿਆਂ ਦੀਆਂ ਰੂਹਾਂ ਕੰਬਦੀਆਂ ਸਨ।
ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਮੈਦਾਨ-ਏ-ਜੰਗ ਵਿੱਚ ਸ਼ੇਰ ਵਾਂਗ ਗਰਜਦੇ ਸਨ। ਉਨ੍ਹਾਂ ਨੇ ਬਹਾਦਰੀ ਦਾ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਮਨੁੱਖਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੇ ਰਾਜ ਦੌਰਾਨ ਜਾਤ-ਪਾਤ ਅਤੇ ਧਰਮ ਦੇ ਨਾਂ ‘ਤੇ ਕੋਈ ਵਿਤਕਰਾ ਨਹੀਂ ਕੀਤਾ ਗਿਆ। ਬੀਬੀਸੀ ਵਿਸ਼ਵ ਇਤਿਹਾਸ ਦੇ ਇੱਕ ਸਰਵੇਖਣ ਨੇ ਮਹਾਰਾਜ ਰਣਜੀਤ ਸਿੰਘ ਨੂੰ ‘ਗਰੇਟੇਅਸਟ ਲੀਡਰ ਆੱਫ ਆਲ ਟਾਈਮ’ ਦਾ ਖ਼ਿਤਾਬ ਦਿੱਤਾ ਹੈ। ਮੈਂ ਇਸ ਸਦਨ ਵਿੱਚ ਅਜਿਹੇ ਮਹਾਤਮਾ ਨੂੰ ਸਲਾਮ ਕਰਦਾ ਹਾਂ ਅਤੇ ਉਨ੍ਹਾਂ ਦੀ ਗੱਦੀ ਵਾਪਸ ਲਿਆਉਣ ਦੀ ਅਪੀਲ ਕਰਦਾ ਹਾਂ।
ਇਹ ਵੀ ਪੜ੍ਹੋ : ਨਵਾਂਸ਼ਹਿਰ : ਇੱਕੋ ਪਰਿਵਾਰ ਦੇ 3 ਮੈਂਬਰਾਂ ਨੇ ਦਿੱਤੀ ਜਾ.ਨ, ਘਰੇਲੂ ਝਗੜੇ ਦੇ ਚੱਲਦਿਆਂ ਚੁੱਕਿਆ ਇਹ ਕਦਮ
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਸਿੰਘਾਸਨ ਨੂੰ ਲੱਕੜੀ ਅਤੇ ਰਾਲ ਕੋਰ ਤੋਂ ਬਣਾਇਆ ਗਿਆ ਸੀ। ਇਹ ਸੋਨੇ ਦੀਆਂ ਚਾਦਰਾਂ ਨਾਲ ਢੱਕਿਆ ਹੋਇਆ ਸੀ। ਇਹ ਤਖਤ ਉਸ ਸਮੇਂ ਦੀ ਸ਼ਾਨ ਨੂੰ ਦਰਸਾਉਂਦਾ ਹੈ। ਦੂਜੀ ਐਂਗਲੋ-ਸਿੱਖ ਜੰਗ ਵਿੱਚ 1849 ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਹ ਸ਼ਾਹੀ ਸਿੰਘਾਸਨ ਰਾਜ ਦੀ ਜਾਇਦਾਦ ਦਾ ਹਿੱਸਾ ਸੀ। ਜਿਸ ਤੋਂ ਬਾਅਦ ਸਿੰਘਾਸਨ ਨੂੰ ਲਾਹੌਰ ਤੋਂ ਲੰਡਨ ਲਿਜਾਇਆ ਗਿਆ। 1851 ਵਿੱਚ ਮਹਾਨ ਪ੍ਰਦਰਸ਼ਨੀ ਵਿੱਚ ਬ੍ਰਿਟਿਸ਼ ਸਾਮਰਾਜ ਦੇ ਹੋਰ ਖਜ਼ਾਨਿਆਂ ਦੇ ਨਾਲ ਪ੍ਰਦਰਸ਼ਿਤ ਕੀਤਾ ਗਿਆ। ਫਿਰ ਇਸ ਨੂੰ ਲੰਡਨ ਮਿਊਜ਼ੀਅਮ ਵਿਚ ਪ੍ਰਦਰਸ਼ਿਤ ਕੀਤਾ ਗਿਆ ਸੀ, ਹੁਣ ਇਸ ਨੂੰ ਅਜਾਇਬ ਘਰ ਵਿੱਚ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: