AAP worker burger hut: ਆਮ ਆਦਮੀ ਪਾਰਟੀ ਦੇ ਵਰਕਰ ਦੀ ਬੀਤੇ ਦਿਨੀਂ ਕੁਲਚਿਆਂ ਦੀ ਰੇਹੜੀ ’ਤੇ ਕੰਮ ਕਰਦਿਆਂ ਦੀ ਵਾਇਰਲ ਹੋਈ ਵੀਡੀਓ ਦੇਖਕੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਅੱਜ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਰਣਦੀਪ ਸਿੰਘ ਸੋਢੀ ਨੂੰ ਮਿਲਣ ਫਤਿਹਗੜ੍ਹ ਸਾਹਿਬ ਪਹੁੰਚੇ ਅਤੇ ਬਰਗਰ ਖਾਇਆ। ਇੱਥੇ ਦੱਸਣਯੋਗ ਹੈ ਕਿ ਰਣਦੀਪ ਸਿੰਘ ਸੋਢੀ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਹਨ ਅਤੇ ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਪਾਰਟੀ ਲਈ ਦਿਨ ਰਾਤ ਕਾਰਜ ਕੀਤਾ ਸੀ। ਉਸ ਪਿੱਛੋਂ ਉਨ੍ਹਾਂ ਦਾ ਸ਼ੋਅਰੂਮ ਜੋ ਕਿ ਜੁੱਤਿਆਂ ਦਾ ਵਪਾਰ ਸੀ, ਪਾਰਟੀ ਲਈ ਪ੍ਰਚਾਰ ਕਰਦੇ ਹੋਏ ਉਸਦਾ ਕੰਮ ਠੱਪ ਹੋ ਗਿਆ ਸੀ, ਪਰ ਫਿਰ ਵੀ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ। ਅੱਜ ਕੱਲ ਉਹ ਸਰਦਾਰ ਜੀ ਫਾਸਟ ਫੂਡ ਨਾਮ ਦੀ ਸਰਹਿੰਦ ਚੰਡੀਗੜ੍ਹ ਰੋਡ ’ਤੇ ਫਤਿਹਗੜ੍ਹ ਸਾਹਿਬ ਵਿਖੇ ਰੇਹੜੀ ਲਗਾਕੇ ਕੰਮ ਕਰ ਰਹੇ ਹਨ। ਰਣਦੀਪ ਸਿੰਘ ਸੋਢੀ ਨੂੰ ਜਰਨੈਲ ਸਿੰਘ ਵਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।
ਪ੍ਰਭਾਰੀ ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਹੀ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਇਸ ਲਈ ਪਾਰਟੀ ਹਮੇਸ਼ਾਂ ਉਨ੍ਹਾਂ ਦੇ ਦੁੱਖ ਸੁੱਖ ਵਿਚ ਉਨ੍ਹਾਂ ਨਾਲ ਖੜ੍ਹਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੀਡੀਆ ਦੇ ਰਾਹੀਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਾਰਟੀ ਦੇ ਪੁਰਾਣੇ ਆਗੂ ਰਣਦੀਪ ਸਿੰਘ ਸੋਢੀ ਮਾੜੇ ਵਿੱਤੀ ਹਾਲਤਾ ਵਿਚੋਂ ਲੰਘ ਰਹੇ ਹਨ ਅਤੇ ਹੁਣ ਪਹਿਲਾਂ ਵਾਂਗ ਆਮ ਆਦਮੀ ਪਾਰਟੀ ਲਈ ਸਮਾਂ ਨਹੀਂ ਕੱਢ ਪਾ ਰਹੇ ਤਾਂ ਉਹ ਸੋਢੀ ਨੂੰ ਮਿਲਣ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਤੋਂ ਬਾਅਦ ਜੋ ਆਪ ਦੇ ਵਰਕਰ ਨਿਰਾਸ਼ ਹੋ ਕੇ ਬੈਠ ਗਏ ਸਨ, ਉਨ੍ਹਾਂ ਨੂੰ ਸਬਰ ਰੱਖਣਾ ਚਾਹੀਦਾ ਤੇ ਮਿਹਨਤ ਨਹੀਂ ਛੱਡਣੀ ਚਾਹੀਦੀ।
2017 ਵਿਚ ਜੋ ਕਸਰ ਰਹਿ ਗਈ ਸੀ, ਅਗਲੇ ਸਾਲ 2022 ਵਿਚ ਲੋਕ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਕੇ ਉਹ ਕਸਰ ਪੂਰੀ ਕਰਨਗੇ। ਉਨ੍ਹਾਂ ਕਿਹਾ ਕਿ ਜਲਦ ਹੀ ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਆਪ ਦੇ ਵਰਕਰ ਰਣਦੀਪ ਸਿੰਘ ਸੋਢੀ ਨੇ ਪ੍ਰਭਾਰੀ ਜਰਨੈਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ‘ਆਪ’ ਦੇ ਜੁਝਾਰੂ ਵਰਕਰ ਹਨ ਅਤੇ 2014 ਤੋਂ ਉਹ ਆਮ ਆਦਮੀ ਪਾਰਟੀ ਵਿਚ ਕੰਮ ਕਰ ਰਹੇ ਹਨ ਅਤੇ ਹੁਣ ਵੀ ਉਹ ‘ਆਪ’ ਨਾਲ ਡਟਕੇ ਕੰਮ ਕਰਦੇ ਰਹਿਣਗੇ।