ਲੁਧਿਆਣਾ : ਸਿੱਖਿਆ ਵਿਭਾਗ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ (SMC) ਦੇ ਮੈਂਬਰਾਂ ਨੂੰ ਸਿਖਲਾਈ ਦੇਣ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ। ਇਹ ਪ੍ਰੋਗਰਾਮ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਉਣ ਲਈ ਕਰਵਾਇਆ ਜਾਵੇਗਾ।
ਜਾਗਰੂਕਤਾ ਪੈਦਾ ਕਰਨ ਲਈ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਲਈ 3000 ਰੁਪਏ ਪ੍ਰਤੀ ਸਕੂਲ ਦੇ ਹਿਸਾਬ ਨਾਲ ਵੱਖਰੇ ਤੌਰ ‘ਤੇ ਫੰਡ ਜਾਰੀ ਕੀਤੇ ਗਏ ਹਨ। ਇਸ 3000 ਫੰਡ ਦੀ ਵਰਤੋਂ ਜਾਗਰੂਕਤਾ ਪ੍ਰੋਗਰਾਮਾਂ, ਸਿਖਲਾਈ ਅਤੇ ਮੀਟਿੰਗਾਂ ਲਈ ਕੀਤੀ ਜਾਵੇਗੀ। ਇਸ ਤਹਿਤ SMC ਕਮੇਟੀ ਦੇ ਮੈਂਬਰਾਂ ਲਈ ਸਿਖਲਾਈ ਵੀ ਕਰਵਾਈ ਜਾਵੇਗੀ, ਜਿਸ ਵਿੱਚ ਉਨ੍ਹਾਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਇਹ ਗ੍ਰਾਂਟ ਕੇਂਦਰ ਵੱਲੋਂ ਜਾਰੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸੂਬੇ ਦੇ 14948 ਐਲੀਮੈਂਟਰੀ ਸਕੂਲਾਂ ਲਈ 4 ਕਰੋੜ 48 ਲੱਖ ਰੁਪਏ ਅਤੇ ਸੈਕੰਡਰੀ ਸਕੂਲਾਂ ਦੇ 3497 ਸਕੂਲਾਂ ਲਈ 1 ਕਰੋੜ 4 ਲੱਖ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਲੁਧਿਆਣਾ ਵਿੱਚ 1156 ਐਲੀਮੈਂਟਰੀ ਸਕੂਲਾਂ ਲਈ 34 ਲੱਖ 68 ਹਜ਼ਾਰ ਅਤੇ ਸੈਕੰਡਰੀ ਸਕੂਲਾਂ ਲਈ 332 ਸਕੂਲਾਂ ਲਈ 9 ਲੱਖ 96 ਹਜ਼ਾਰ ਰੁਪਏ ਦਾ ਫੰਡ ਦਿੱਤਾ ਗਿਆ ਹੈ। ਇਸ ਗਰਾਂਟ ਦਾ ਖਰਚਾ ਵਿਦਿਆਰਥੀਆਂ ਦੇ ਮਾਪਿਆਂ, ਆਮ ਲੋਕਾਂ ਅਤੇ SMC ਮੈਂਬਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜੁੜਵਾਂ ਭੈਣਾਂ ਨਾਲ ਵਿਆਹ ਕਰਵਾ ਕੇ ਫਸਿਆ ਨੌਜਵਾਨ, ਪੁਲਿਸ ਨੇ ਲਾੜੇ ਵਿਰੁੱਧ ਦਰਜ ਕੀਤੀ FIR
ਇਸਦੇ ਨਾਲ ਹੀ ਵਿਭਾਗ ਨੇ ਸਕੂਲਾਂ ਨੂੰ ਗਤੀਵਿਧੀਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਜਿਸ ਤਹਿਤ ਇਸ 3000 ਰੁਪਏ ਦੇ ਫੰਡ ਦੀ ਵਰਤੋਂ ਕੀਤੀ ਜਾਵੇਗੀ। ਇਸ ਵਿੱਚ ਦਾਖਲਾ ਮੁਹਿੰਮ, ਵਿਦਿਆਰਥੀਆਂ ਲਈ ਵੱਖ-ਵੱਖ ਵਜ਼ੀਫ਼ਾ ਸਕੀਮਾਂ, ਮਿਆਰੀ ਸਿੱਖਿਆ, ਬੁਨਿਆਦੀ ਢਾਂਚੇ ਵਿੱਚ ਸੁਧਾਰ ਖਾਸ ਕਰਕੇ ਸਮਾਰਟ ਸਕੂਲ, ਇੰਸਪਾਇਰ ਮੀਟਿੰਗ, SMC ਕਮੇਟੀ ਦਾ ਓਰੀਐਂਟੇਸ਼ਨ, ਅਧਿਆਪਕ ਜਾਗਰੂਕਤਾ ਪ੍ਰੋਗਰਾਮ, ਸਿਹਤ ਅਤੇ ਸਫਾਈ ਪ੍ਰੋਗਰਾਮ, ਸਿੱਖਿਆ ਵਿਭਾਗ ਵੱਲੋਂ ਆਯੋਜਿਤ ਆਨਲਾਈਨ ਪ੍ਰੋਗਰਾਮ (EDUSAT) ਸ਼ਾਮਲ ਹਨ। ਵਿਸ਼ੇਸ਼ ਪ੍ਰੋਗਰਾਮ, ਮਿਡ ਡੇ ਮੀਲ, SMC ਮੈਂਬਰਾਂ ਲਈ ਰਿਫਰੈਸ਼ਮੈਂਟ ਲਈ ਵਰਤਿਆ ਜਾਵੇਗਾ।
ਇਸ ਤੋਂ ਇਲਾਵਾ ਵਿਭਾਗ ਵੱਲੋਂ ਹੋਰ ਹਦਾਇਤਾਂ ਵੀ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਇਸ ਫੰਡ ਦੀ ਵਰਤੋਂ ਕੀਤੀ ਜਾ ਸਕੇ। ਸਕੂਲਾਂ ‘ਚ ਜਲਦ ਹੀ ਪੇਰੈਂਟਸ ਟੀਚਰ ਮੀਟਿੰਗ ਹੋਣ ਜਾ ਰਹੀ ਹੈ, ਅਜਿਹੇ ‘ਚ ਸਕੂਲਾਂ ਨੂੰ ਇਸ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਵਿਭਾਗ ਨੇ ਸਕੂਲਾਂ ਨੂੰ ਇਹ ਵੀ ਹਦਾਇਤ ਦਿਤੀ ਹੈ ਕਿ ਉਹ ਕਲਾਸ ਰੂਮਾਂ, ਲਾਇਬ੍ਰੇਰੀਆਂ, ਪੀਣ ਵਾਲੇ ਪਾਣੀ, ਰਸੋਈਆਂ, ਗਲਿਆਰਿਆਂ ਵਿੱਚ ਪੋਸਟਰ, ਸਾਈਨੇਜ ਲਗਾਉਣ ਤਾਂ ਜੋ ਸਕੀਮਾਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਸਕੇ।