ਸੰਗਰੂਰ : ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਸੰਗਰੂਰ ਵਿਚ ਕੋਵਿਡ-19 ਨੂੰ ਮਾਤ ਦੇ ਕੇ ਘਰ ਪਰਤਣ ਵਾਲਿਆਂ ਦੀ ਗਿਣਤੀ 136 ਹੋ ਗਈ ਹੈ ਅਤੇ ਇਹ ਵਿਅਕਤੀ ਹੁਣ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 11533 ਮਾਮਲੇ ਸ਼ੱਕੀ ਪਾਏ ਗਏ ਜਿਨ੍ਹਾਂ ਵਿੱਚੋਂ 207 ਦੀ ਰਿਪੋਰਟ ਪਾਜ਼ਿਟਿਵ ਆਈ। ਉਨ੍ਹਾਂ ਦੱਸਿਆ ਕਿ 606 ਵਿਅਕਤੀਆਂ ਦੇ ਸੈਂਪਲਾਂ ਦਾ ਨਤੀਜਾ ਆਉਣਾ ਬਾਕੀ ਹੈ ਜਦਕਿ ਕੋਰੋਨਾ ਪਾਜ਼ਿਟਿਵ ਪਾਏ ਗਏ 31 ਮਰੀਜ਼ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਇਲਾਜ ਅਧੀਨ ਹਨ ਜਿਨ੍ਹਾਂ ਵਿਚ 24 ਮਰਦ ਅਤੇ 7 ਔਰਤਾਂ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਨਾਲ ਸਬੰਧਿਤ 7 ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਸ ਸਬੰਧੀ ਸਿਵਲ ਸਰਜਨ ਡਾ ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ 55 ਵਰ੍ਹਿਆਂ ਦੇ ਸ੍ਰੀ ਅਬਦੁੱਲ ਮਜੀਦ ਦੀ ਮੌਤ ਹੋਈ ਹੈ ਜੋ ਕਿ ਕਈ ਹੋਰ ਰੋਗਾਂ ਨਾਲ ਵੀ ਪੀੜਤ ਸਨ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਸ਼ੂਗਰ, ਮਲੇਰੀਆ, ਹਾਈਪਰਟੈਨਸ਼ਨ ਆਦਿ ਨਾਲ ਵੀ ਪੀੜਤ ਸੀ ਅਤੇ ਬਾਈਪਾਸ ਸਰਜਰੀ ਵੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਹਿੰਦ ਹਸਪਤਾਲ ਅਹਿਮਦਗੜ੍ਹ ਵਿੱਚ ਦਾਖਲ ਸੀ ਜਿਥੋਂ ਇਸ ਨੂੰ ਹੋਰ ਹਸਪਤਾਲ ਲਈ ਰੈਫਰ ਕੀਤਾ ਗਿਆ ਸੀ ਪਰ ਪਰਿਵਾਰ ਵੱਲੋਂ ਘਰ ਲਿਜਾਏ ਜਾਣ ਤੇ ਇਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਹੁਣ ਕੁੱਲ ਐਕਟਿਵ ਕੇਸਾਂ ਦੀ ਗਿਣਤੀ 64 ਹੈ ਅਤੇ 7 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਿਸ ਵਿਚ ਮਲੇਰਕੋਟਲਾ ਦੇ 6 ਵਸਨੀਕ ਅਤੇ ਅਮਰਗੜ੍ਹ ਦਾ 1 ਵਸਨੀਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਘਾਬਦਾਂ ਤੋਂ ਇਲਾਵਾ 22 ਵਿਅਕਤੀ ਘਰਾਂ ਵਿਚ ਆਈਸੋਲੇਸ਼ਨ ਵਿੱਚ ਹਨ, ਡੀ.ਐਮ.ਸੀ ਵਿੱਚ 2, ਸੀ.ਐਮ.ਸੀ ਵਿੱਚ 1, ਸਰਕਾਰੀ ਰਜਿੰਦਰਾ ਹਸਪਤਾਲ ਵਿਖੇ 6 ਅਤੇ ਮੈਕਸ ਹਸਪਤਾਲ ਮੁਹਾਲੀ ਵਿਖੇ 1 ਵਿਅਕਤੀ ਦਾਖਲ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਇੱਕ-ਦੂਸਰੇ ਤੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਅੱਖ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਧੋ ਲਿਆ ਜਾਵੇ। ਉਨਾਂ ਕਿਹਾ ਕਿ ਪਾਣੀ ਉਪਲਬਧ ਨਾ ਹੋਣ ਦੀ ਸੂਰਤ ’ਚ ਸੈਨੇਟਾਇਜ਼ਰ ਨਾਲ ਵੀ ਹੱਥ ਸਾਫ਼ ਕੀਤੇ ਜਾ ਸਕਦੇ ਹਨ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਮਾਸਕ ਲਾਜ਼ਮੀ ਤੌਰ ’ਤੇ ਪਾਇਆ ਜਾਵੇ ਅਤੇ ਬਹੁਤ ਜ਼ਰੂਰੀ ਕੰਮ ਲਈ ਹੀ ਘਰਾਂ ਤੋਂ ਬਾਹਰ ਨਿਕਲਣ ਨੂੰ ਤਰਜੀਹ ਦਿੱਤੀ ਜਾਵੇ।