Meeting of farmers : ਚੰਡੀਗੜ੍ਹ :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਰੱਖੀ ਗਈ ਹੈ। ਮੀਟਿੰਗ ਦੁਪਹਿਰ 1.30 ਵਜੇ ਚੰਡੀਗੜ੍ਹ ਵਿਖੇ ਪੰਜਾਬ ਭਵਨ ‘ਚ ਕੀਤੀ ਜਾਵੇਗੀ ਜਿਥੇ 30 ਕਿਸਾਨ ਜਥੇਬੰਦੀਆਂ ਦੀਆਂ ਧਿਰਾਂ ਪੁੱਜਣਗੀਆਂ। ਮੁੱਖ ਮੰਤਰੀ ਵੱਲੋਂ ਇਨ੍ਹਾਂ ਕਿਸਾਨ ਧਿਰਾਂ ਨੂੰ ਮੀਟਿੰਗ ਲਈ ਸੱਦਾ ਪੱਤਰ ਭੇਜਿਆ ਗਿਆ ਸੀ। ਮੁੱਖ ਮੰਤਰੀ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ, ਕੁਝ ਮੰਤਰੀਆਂ ਅਤੇ ਹੋਰ ਅਹਿਮ ਆਗੂਆਂ ਦੇ ਹਾਜ਼ਰ ਰਹਿਣ ਦੀ ਸੰਭਾਵਨਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਆਪਣੀ ਰਣਨੀਤੀ ਤਿਆਰ ਕਰਨਗੀਆਂ।
ਮੁੱਖ ਮੰਤਰੀ ਨਾਲ ਮੀਟਿੰਗ ‘ਚ ਕਿਸਾਨ ਧਿਰਾਂ ਮਾਲ ਗੱਡੀਆਂ ਦੇ ਨਾਲ ਪੈਸੇਂਜਰ ਗੱਡੀਆਂ ਚਲਾਏ ਜਾਣ ਦੀ ਸਹਿਮਤੀ ਦੇ ਸਕਦੀਆਂ ਹਨ ਕਿਉਂਕਿ ਪਹਿਲਾਂ 14 ਕਿਸਾਨ ਧਿਰਾਂ ਇਸ ਗੱਲ ਲਈ ਰਾਜ਼ੀ ਸਨ ਕਿ ਮਾਲਗੱਡੀਆਂ ਦੇ ਨਾਲ ਯਾਤਰੀ ਗੱਡੀਆਂ ਚਲਾ ਦਿੱਤੀਆਂ ਜਾਣ। ਮੁੱਖ ਮੰਤਰੀ ਕੇਂਦਰ ਤੇ ਕਿਸਾਨ ਧਿਰਾਂ ਵਿਚਾਲੇ ਮਤਭੇਦਾਂ ਨੂੰ ਖਤਮ ਕਰਨ ‘ਚ ਲੱਗੇ ਹੋਏ ਹਨ। ਮੁੱਖ ਮੰਤਰੀ ਵੱਲੋਂ ਮੀਟਿੰਗ ‘ਚ ਕਿਸਾਨ ਧਿਰਾਂ ਵੱਲੋਂ ਮਾਲਗੱਡੀਆਂ ਦੀ ਬਹਾਲੀ ਲਈ ਕੇਂਦਰ ਦੀ ਸ਼ਰਤ ਮੰਨਣ ਦੀ ਅਪੀਲ ਕੀਤੀ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਣ ਲਈ ਸਮਾਂ ਮੰਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮੀਟਿੰਗ 26 ਤੇ 27 ਨਵੰਬਰ ਤੋਂ ਪਹਿਲਾਂ ਹੋ ਸਕਦੀ ਹੈ
ਪੰਜਾਬ ‘ਚ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ ਲਗਭਗ ਡੇਢ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ।ਕਿਸਾਨ ਜਥੇਬੰਦੀਆਂ ਵੱਲੋਂ ਪੱਕੇ ਮੋਰਚੇ ਦੀ ਸੰਭਾਵਨਾ ਦੇ ਮੱਦੇਨਜ਼ਰ ਵੱਡੇ ਪੱਧਰ ‘ਤੇ ਰਸਦ ਵੀ ਇੱਕਠੀ ਕੀਤੀ ਜਾਣ ਲੱਗੀ ਹੈ। ਪੰਜਾਬ ‘ਚ 30 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ 60 ਦੇ ਲਗਭਗ ਥਾਵਾਂ ‘ਤੇ ਧਰਨੇ ਦਿੱਤੇ ਗਏ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਖਰੇ ਤੌਰ ‘ਤੇ 45 ਦੇ ਲਗਭਗ ਧਰਨੇ ਦਿੱਤੇ। ਕਿਸਾਨ ਜਥੇਬੰਦੀਆਂ ‘ਚ ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਪ੍ਰਤੀ ਰੋਹ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਤੇ ਇਸੇ ਲਈ ਹੁਣ ਉਹ ਦਿੱਲੀ ਘੇਰਨ ਦੀ ਤਿਆਰੀ ‘ਚ ਹਨ। ਜੇਕਰ ਕੇਂਦਰ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਾ ਕੀਤੀ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।