ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਚੌਹਾਨਕੇ ਵਿਖੇ ਬੀਤੇ ਕੱਲ੍ਹ ਇੱਕ ਪੁੱਤ ਨੇ ਆਪਣੇ ਬਜ਼ੁਰਗ ਪਿਓ ਅਤੇ ਭਰਾ ਤੇ ਸੋਟੀਆਂ ਨਾਲ ਬੇਰਹਿਮੀ ਨਾਲ ਕਾਤਲਾਨਾ ਹਮਲਾ ਕਰ ਦਿੱਤਾ। ਇਸ ਕਾਤਲਾਨਾ ਹਮਲੇ ਵਿੱਚ 65 ਸਾਲ ਦਾ ਬਜ਼ੁਰਗ ਪਿਓ ਦੀ ਮੌਤ ਹੋ ਗਈ ਅਤੇ ਭਰਾ ਵੀ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਮੱਘਰ ਸਿੰਘ ਆਪਣੇ ਤਿੰਨ ਪੁੱਤਰਾਂ ਸਮੇਤ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ,ਪਰ ਇੱਕ ਕਲਯੁਗੀ ਪੁੱਤ ਨੇ ਆਪਣੇ ਹੀ ਪਿਓ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਮਹਿਲ ਕਲਾਂ ਦੇ ਐਸਐਚਓ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਥਾਣਾ ਮਹਿਲ ਕਲਾਂ ਦੇ ਅਧੀਨ ਆਉਂਦੇ ਪਿੰਡ ਚੌਹਾਨਕੇ ਕਲਾਂ ਵਿਖੇ ਉਹਨਾਂ ਨੂੰ ਇੱਕ ਇਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਵੱਲੋਂ ਆਪਣੇ ਭਰਾ ਅਤੇ ਪਿਓ ਦੇ ਸੱਟਾਂ ਮਾਰੀਆਂ ਗਈਆਂ ਹਨ। ਜ਼ਖਮੀ ਪਿਓ ਪੁੱਤ ਨੂੰ ਬਰਨਾਲੇ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਜ਼ਖਮੀ ਬਜ਼ੁਰਗ ਮੱਘਰ ਸਿੰਘ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਤੋਂ ਬਾਅਦ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ,ਜਿੱਥੇ ਬਜ਼ੁਰਗ ਮੱਘਰ ਸਿੰਘ ਜੀ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕ ਦੇ ਪੁੱਤਰ ਕੁਲਵੰਤ ਸਿੰਘ ਨੂੰ ਵੀ ਬਰਨਾਲੇ ਦੇ ਸਰਕਾਰੀ ਹਸਪਤਾਲ ਤੋਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਉਹ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਿੰਡ ਵਾਸੀਆਂ ਨੇ ਗ੍ਰੰਥੀ ਸਿੰਘ ਨੂੰ ਕੀਤਾ ਸਨਮਾਨਿਤ, 2 ਤੋਲੇ ਦਾ ਕੈਂਠਾ ਤੇ ਰਹਿਣ ਲਈ ਦਿੱਤੀ ਕੋਠੀ
ਇਸ ਮੌਕੇ ਐਸਐਚਓ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਮੱਘਰ ਸਿੰਘ ਦੇ ਪੁੱਤਰ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੇ ਪੁੱਤਰ ਅਮਨਦੀਪ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਵੱਖੋ ਵੱਖਰੀਆਂ ਧਰਾਵਾਂ 103,109,115/1 ਬੀਐਨਐਸਐਸ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਫਰੋਸੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ।
ਉਹਨਾਂ ਇਹ ਵੀ ਦੱਸਿਆ ਕਿ ਕਤਲ ਕਰਨ ਵਾਲਾ ਅਮਨਦੀਪ ਸਿੰਘ ਜੋ ਦਿਮਾਗੀ ਤੌਰ ਤੇ ਬਿਮਾਰ ਚੱਲ ਰਿਹਾ ਹੈ, ਜਿਸ ਦਾ ਦਿਮਾਗੀ ਤੌਰ ਤੇ ਧਨੌਲਾ ਵਿਖੇ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਉਸਨੂੰ ਇੱਕ ਘਰ ਅੰਦਰ ਹੀ ਰੱਖਿਆ ਜਾਂਦਾ ਸੀ। ਦੋਸ਼ੀ ਪੁੱਤ ਨੇ ਆਪਣੇ ਪਿਓ ਦੇ ਸਿਰ ਉੱਪਰ ਲੱਕੜ ਦੀ ਸੋਟੀ ਨਾਲ ਕਈ ਵਾਰ ਹਮਲਾ ਕਰਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਆਪਣੇ ਭਰਾ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: