Millions lost due : ਅੰਮ੍ਰਿਤਸਰ : ਕਸਬਾ ਮਜੀਠਾ ਤੋਂ ਸੋਹੀਆ ਰੋਡ ‘ਤੇ ਸਥਿਤ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਕਾਰੀ ਸੀਸੇ ਸਕੂਲ ਮਜੀਠਾ ਦੇ ਨੇੜੇ ਗੁੱਜਰਾਂ ਦੇ ਡੇਰੇ ‘ਚ ਅੱਗ ਲੱਗ ਗਈ। ਇਸ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਕਾਜੂ ਪੁੱਤਰ ਮੀਰਾ ਬਖਸ਼, ਮਸਕੀਨ ਪੁੱਤਰ ਨਿਜਾਮੂਦੀਨ ਤੇ ਲਿਆਕਤ ਅਲੀ ਪੁੱਤਰ ਮੌਜੂ ਆਪਣੇ ਪਰਿਵਾਰਾਂ ਸਮੇਤ ਤਿੰਨ ਡੇਰਿਆਂ ‘ਚ ਰਹਿੰਦੇ ਸਨ। ਅੱਜ ਬਾਅਦ ਦੁਪਹਿਰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਉਨ੍ਹਾਂ ਦੇ ਡੇਰੇ ‘ਤੇ ਪਰਾਲੀ ਨੂੰ ਅੱਗ ਲੱਗ ਗਈ। ਬਹੁਤ ਜਲਦੀ ਹੀ ਅੱਗ ਉਨ੍ਹਾਂ ਦੀ ਰਿਹਾਇਸ਼ ‘ਤੇ ਬਣਾਏ ਡੇਰੇ ‘ਚ ਵੀ ਅੱਗ ਲੱਗ ਗਈ।
ਕਾਜੂ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਤੋਂ ਨਿਕਲੀਆਂ ਚੰਗਿਆੜੀਆਂ ਕਾਰਨ ਪਰਾਲੀ ਨੂੰ ਅੱਗ ਲੱਗੀ। ਉਨ੍ਹਾਂ ਦੱਸਿਆ ਕਿ ਡੇਰੇ ‘ਚ ਰੱਖੇ ਇੱਕ ਲੱਖ ਰੁਪਏ ਨਕਦ, 100 ਬੋਰੇ ਪਸ਼ੂਆਂ ਨੂੰ ਪਾਉਣ ਵਾਲੀ ਖਲ, ਇੱਕ ਫਰਿੱਜ, ਟੈਲੀਵਿਜ਼ਨ, ਕੱਪੜੇ ਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਲਗਭਗ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਐੱਸ. ਡੀ. ਐੱਮ. ਮਜੀਠਾ ਅਲਕਾ ਕਾਲੀਕਾ ਮੌਕੇ ‘ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਗੁੱਜਰਾਂ ਦੇ ਡੇਰੇ ਨੂੰ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਗੁੱਜਰਾਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਦਾ ਇੰਤਜ਼ਾਮ ਸਰਕਾਰ ਵੱਲੋਂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਨਾਇਬ ਤਹਿਸੀਲਦਾਰ ਜਸਬੀਰ ਸਿੰਘ, ਡਾ. ਸੰਦੀਪ ਮਲਹੋਤਰਾ, ਡਾ. ਸਤਨਾਮ ਸਿੰਘ ਤੇ ਬਲਜਿੰਦਰ ਸਿੰਘ ਔਲਖ ਆਦਿ ਮੌਜੂਦ ਸਨ।