ਲੁੱਟਾਂ ਖੋਹਾਂ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ , ਲੁਟੇਰਿਆਂ ਦੇ ਬੁਲੰਦ ਹੌਂਸਲੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾ ਦਿੰਦੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੋਹਾਲੀ ਦੇ ਫੇਜ਼ 3-ਏ (ਪੈਟਰੋਲਪੰਪ ਨੇੜੇ) ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਤੋਂ ਜਿੱਥੇ ਦੋ ਹਥਿਆਰਬੰਦ ਵਿਅਕਤੀਆਂ ਨੇ ਤੇਜ਼ ਹੱਥਿਆਰਾਂ ਦੀ ਨੋਕ ‘ਤੇ ਦਿਨ ਦਿਹਾੜੇ 4.80 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਅਤੇ ਬੜੀ ਚਲਾਕੀ ਨਾਲ ਮੌਕੇ ਤੋਂ ਫ਼ਰਾਰ ਹੋ ਗਏ।
ਕੜਕਦੀ ਧੁੱਪ ‘ਚ ਦੁਪਹਿਰ ਪੌਣੇ ਦੋ ਵਜੇ ਦੋ ਨੌਜਵਾਨ (ਉਮਰ ਲਗਭਗ 30-35 ਸਾਲ) ਬੈਂਕ ‘ਚ ਆਏ ਅਤੇ ਪਿਸਤੌਲ ਦੀ ਨੋਕ ‘ਤੇ ਮਹਿਲਾ ਕਰਮਚਾਰੀ ਤੋਂ ਸਾਰੀ ਰਕਮ ਉਸਦੇ ਹਵਾਲੇ ਕਰਨ ਨੂੰ ਕਿਹਾ , ਨਾਲ ਆਏ ਵਿਅਕਤੀ ਨੇ ਚਾਕੂ ਦਿਖਾਕੇ ਮੁਲਾਜ਼ਮਾਂ ਨੂੰ ਆਪਣੀਆਂ ਸੀਟਾਂ ‘ਤੇ ਹੀ ਬੈਠੇ ਰਹਿਣ ਦੀ ਹਿਦਾਇਤ ਦਿੱਤੀ। ਮਹਿਜ਼ ਤਿੰਨ-ਚਾਰ ਮਿੰਟਾਂ ‘ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਬੈਂਕ ਮੈਨੇਜਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਹਾਲਾਤ ਦਾ ਜਾਇਜ਼ਾ ਲਿਆ ਅਤੇ ਸਾਹਮਣੇ ਆਇਆ ਕਿ ਬੈਂਕ ‘ਚ ਸਿਰਫ ਉਸ ਸਮੇਂ ਮਹਿਲਾ ਸਟਾਫ ਮੌਜੂਦ ਸੀ ਅਤੇ ਉਸ ਸਮੇਂ ਬੈਂਕ ਦੇ ਬਾਹਰ ਕੋਈ ਸੁਰਖਿਆ ਗਾਰਡ ਵੀ ਨਹੀਂ ਤੈਨਾਤ ਸੀ।
ਇਸ ਸਬੰਧੀ ਐੱਸਪੀ ਮੋਹਾਲੀ ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੱਤੀ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ ਹੈ ਅਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਜਲਦ ਹੀ ਲੁਟੇਰਿਆਂ ਨੂੰ ਹਿਰਾਸਤ ‘ਚ ਲੈ ਲਿਆ ਜਾਵੇਗਾ।