ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਗਰਮਾਈ ਹੋਈ ਹੈ। ਇਸੇ ਵਿਚਾਲੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਨਵਜੋਤ ਸਿੱਧੂ ਨੇ AAP ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਐਲਾਨਾਂ ਨੂੰ ਲੈ ਕੇ ਵਾਰ ਕੀਤਾ ਹੈ।
ਉਨ੍ਹਾਂ ਨੇ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼ੀਸ਼ੇ ਦੇ ਘਰਾਂ ਵਿੱਚ ਰਹਿਣ ਵਾਲਿਆਂ ਨੂੰ ਦੂਜਿਆਂ ‘ਤੇ ਪੱਥਰ ਨਹੀਂ ਸੁੱਟਣੇ ਚਾਹੀਦੇ। ਉਨ੍ਹਾਂ ਕਿਹਾ ਕਿ ਤੁਸੀਂ ਮਹਿਲਾ ਸਸ਼ਕਤੀਕਰਨ, ਨੌਕਰੀਆਂ ਅਤੇ ਅਧਿਆਪਕਾਂ ਦੀ ਗੱਲ ਕਰਦੇ ਹੋ। ਹਾਲਾਂਕਿ, ਤੁਹਾਡੀ ਕੈਬਨਿਟ ਵਿੱਚ ਇੱਕ ਵੀ ਮਹਿਲਾ ਮੰਤਰੀ ਨਹੀਂ ਹੈ । ਉਨ੍ਹਾਂ ਨੇ ਕੇਜਰੀਵਾਲ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਸ਼ੀਲਾ ਦੀਕਸ਼ਿਤ ਜੀ ਵੱਲੋਂ ਰੈਵੇਨਿਊ ਸਰਪਲੱਸ ਛੱਡਣ ਦੇ ਬਾਵਜੂਦ ਦਿੱਲੀ ਵਿੱਚ ਕਿੰਨੀਆਂ ਔਰਤਾਂ ਨੂੰ 1000 ਰੁਪਏ ਮਿਲਦੇ ਹਨ !!
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਦਾ ਮਤਲਬ ਹੈ ਔਰਤਾਂ ਨੂੰ ਚੋਣ ਪ੍ਰਕਿਰਿਆ ਦੇ ਹਰ ਪੜਾਅ ‘ਤੇ ਲਾਜ਼ਮੀ ਤੌਰ ‘ਤੇ ਸ਼ਾਮਿਲ ਕਰਨਾ ਜਿਵੇਂ ਕਿ ਕਾਂਗਰਸ ਪੰਜਾਬ ਵਿੱਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੱਚੀ ਲੀਡਰਸ਼ਿਪ 1000 ਰੁਪਏ ਦੇ ਲਾਲੀਪਾਪ ਦੇਣ ਵਿੱਚ ਨਹੀਂ, ਸਗੋਂ ਸਵੈ-ਰੁਜ਼ਗਾਰ ਅਤੇ ਮਹਿਲਾ ਉੱਦਮੀਆਂ ਲਈ ਹੁਨਰ ਪ੍ਰਦਾਨ ਕਰਕੇ ਉਨ੍ਹਾਂ ਦੇ ਭਵਿੱਖ ਵਿੱਚ ਨਿਵੇਸ਼ ਕਰਨਾ ਹੈ।
ਇਹ ਵੀ ਪੜ੍ਹੋ: ਓਮੀਕ੍ਰੋਨ ਦਾ ਖੌਫ, ਇਟਲੀ ਨੇ 7 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਆਵਾਜਾਈ ‘ਤੇ ਲਗਾਈ ਰੋਕ
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਆਪਣੇ 2015 ਦੇ ਚੋਣ ਮਨੋਰਥ ਪੱਤਰ ਵਿੱਚ ਦਿੱਲੀ ਵਿੱਚ 8 ਲੱਖ ਨਵੀਆਂ ਨੌਕਰੀਆਂ ਅਤੇ 20 ਨਵੇਂ ਕਾਲਜਾਂ ਦਾ ਵਾਅਦਾ ਕੀਤਾ ਸੀ, ਉਹ ਨੌਕਰੀਆਂ ਅਤੇ ਕਾਲਜ ਕਿੱਥੇ ਹਨ? ਤੁਹਾਡੀਆਂ ਅਸਫਲ ਗਰੰਟੀਆਂ ਦੇ ਉਲਟ, ਪਿਛਲੇ 5 ਸਾਲਾਂ ਵਿੱਚ ਦਿੱਲੀ ਦੀ ਬੇਰੁਜ਼ਗਾਰੀ ਦੀ ਦਰ ਲਗਭਗ 5 ਗੁਣਾ ਵੱਧ ਗਈ ਹੈ !!
ਵੀਡੀਓ ਲਈ ਕਲਿੱਕ ਕਰੋ -: