ਰਾਜਪੁਰਾ ਦੇ ਥਾਣਾ ਖੇੜੀ ਗੰਡਿਆਂ ਅਧੀਨ ਪੈਂਦੇ ਪਿੰਡ ਲੋਚਮਾ ਵਾਸੀ ਇੱਕ ਭਤੀਜੇ ਨੇ ਆਪਣੇ ਸਕੇ ਚਾਚੇ ਦਾ ਜ਼ਮੀਨ ਦੇ ਲਾਲਚ ਵਿੱਚ ਕਹੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ 24 ਘੰਟਿਆਂ ਵਿੱਚ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅੱਜ ਰਾਜਪੁਰਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਗੁਰਬੰਸ ਸਿੰਘ ਬੈਂਸ, ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀਆਂ ਹਦਾਇਤਾਂ ਅਤੇ ਸ੍ਰੀ ਹਰਮਨਪ੍ਰੀਤ ਸਿੰਘ ਚੀਮਾ, ਉਪ ਕਪਤਾਨ ਪੁਲਿਸ ਸਰਕਲ ਘਨੌਰ ਅਤੇ ਜੈਦੀਪ ਸਰਮਾ, ਮੁੱਖ ਅਫ਼ਸਰ ਥਾਣਾ ਖੇੜੀ ਗੰਡੀਆਂ ਦੀ ਯੋਗ ਅਗਵਾਈ ਹੇਠ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਥਾਣਾ ਖੇੜੀ ਗੰਡੀਆਂ ਅਧੀਨ ਪੈਂਦੇ ਪਿੰਡ ਲੋਚਮਾਂ ਵਿਖੇ ਇੱਕ ਭਤੀਜੇ ਨੇ ਜ਼ਮੀਨੀ ਹਿੱਸੇ ਨੂੰ ਨਾਮ ਕਰਵਾਉਣ ਦੇ ਚੱਲ ਰਹੇ ਵਿਵਾਦ ਕਾਰਨ ਆਪਣੇ ਚਾਚੇ ਦਾ ਕਤਲ ਕਰ ਦਿੱਤਾ।
ਮੁਦੱਈ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਲੋਚਮਾਂ ਦੇ ਬਿਆਨਾਂ ‘ਤੇ ਮਿਤੀ 16-11-2025 ਨੂੰ ਮੁਕੱਦਮਾ ਨੰ. 115 ਦਰਜ ਕੀਤਾ ਗਿਆ ਸੀ। ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੇ 45 ਸਾਲ ਦੇ ਭਰਾ ਬਹਾਦਰ ਸਿੰਘ ਨੇ ਆਪਣੇ ਭਤੀਜੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਹਾਕਮ ਸਿੰਘ ਨਾਲ ਜ਼ਮੀਨ ਦੇ ਹਿੱਸੇ ਨੂੰ ਨਾਮ ਕਰਵਾਉਣ ਕਰਕੇ ਲੜਾਈ ਝਗੜਾ ਚੱਲ ਰਿਹਾ ਸੀ।
ਲੜਾਈ ਝਗੜੇ ਦੇ ਚੱਲਦਿਆਂ ਮਿਤੀ 14-11-2025 ਨੂੰ ਦਿਨ ਸਮੇਂ ਦੋਵਾਂ ਵਿਚਾਲੇ ਬਹਿਸ ਹੋਈ। ਇਸੇ ਰੰਜਿਸ਼ ਤਹਿਤ, ਦੋਸ਼ੀ ਗੁਰਜੰਟ ਸਿੰਘ ਨੇ ਉਸੇ ਰਾਤ ਬਹਾਦਰ ਸਿੰਘ ਦੇ ਸਿਰ ਵਿੱਚ ਕਹੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਅਨੁਸਾਰ, ਕਤਲ ਕਰਨ ਤੋਂ ਬਾਅਦ ਮੁਲਜ਼ਮ ਗੁਰਜੰਟ ਸਿੰਘ ਨੇ ਲਾਸ਼ ਨੂੰ ਠਿਕਾਣੇ ਲਗਾਉਣ ਅਤੇ ਸਬੂਤ ਖਤਮ ਕਰਨ ਦੀ ਭਿਆਨਕ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਪਹਿਲਾਂ ਲਾਸ਼ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਅਤੇ ਸਾੜਨ ਦੀ ਕੋਸ਼ਿਸ਼ ਕੀਤੀ। ਜਦੋਂ ਲਾਸ਼ ਅੱਧ-ਸੜੀ ਰਹਿ ਗਈ, ਤਾਂ ਮੁਲਜ਼ਮ ਨੇ ਇਸ ਨੂੰ ਲੁਕਾਉਣ ਲਈ ਘਰ ਵਿੱਚ ਹੀ ਟੋਆ ਪੁੱਟ ਕੇ ਦੱਬਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਦਿੱਲੀ ਧ.ਮਾਕਾ ਮਾਮਲਾ : ਡਰੋਨ ਰਾਹੀਂ ਬੰ.ਬ ਸੁੱਟਣ ਦੀ ਸੀ ਪਲਾਨਿੰਗ, ਦਾਨਿਸ਼ ਦੀ ਗ੍ਰਿਫਤਾਰੀ ਮਗਰੋਂ NIA ਦਾ ਵੱਡਾ ਖੁਲਾਸਾ
ਇਸੇ ਦੌਰਾਨ ਸ਼ਿਕਾਇਤਕਰਤਾ ਅਵਤਾਰ ਸਿੰਘ ਅਤੇ ਉਨ੍ਹਾਂ ਦਾ ਛੋਟਾ ਭਤੀਜਾ ਖੁਸ਼ਪ੍ਰੀਤ ਘਰ ਪਹੁੰਚ ਗਏ। ਉਨ੍ਹਾਂ ਦੇ ਰੌਲਾ ਪਾਉਣ ‘ਤੇ ਮੁਲਜ਼ਮ ਗੁਰਜੰਟ ਸਿੰਘ ਕਹੀ ਅਤੇ ਇੱਕ ਪਲਾਸਟਿਕ ਦੀ ਬੋਤਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਖੇੜੀ ਗੰਡੀਆਂ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ, ਕਤਲ ਦੀ ਇਸ ਸੰਗੀਨ ਵਾਰਦਾਤ ਨੂੰ ਸਿਰਫ਼ 24 ਘੰਟਿਆਂ ਦੇ ਅੰਦਰ-ਅੰਦਰ ਟਰੇਸ ਕਰ ਲਿਆ ਅਤੇ ਮੁਲਜ਼ਮ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਸੀ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਆਪਣੇ ਚਾਚੇ ਨਾਲ ਇਸ ਕਰਕੇ ਵੀ ਰੰਜਿਸ਼ ਰੱਖਦਾ ਸੀ ਕਿ ਉਸ ਦੇ ਚਾਚੇ ਨੇ ਖੇਤ ਵਿੱਚ ਬਣੇ ਉਸ ਦੇ ਖਸਤਾਹਾਲ ਘਰ ਦੀ ਥਾਂ 2 ਨਵੇਂ ਕਮਰੇ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ, ਪਰ 3 ਮਹੀਨੇ ਬੇਟ ਜਾਣ ‘ਤੇ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ 2 ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ ਤਾਂਕਿ ਉਸਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























