On the occasion : ਜਲੰਧਰ : ਦੀਵਾਲੀ ਦੇ ਤਿਓਹਾਰ ਮੌਕੇ ਸ਼ਹਿਰ ‘ਚ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੇ ਥਾਣਿਆਂ ਦੇ ਇੰਚਾਰਜਾਂ ਦੇ ਸ਼ਹਿਰ ਦੇ ਚੌਰਾਹਿਆਂ ‘ਤੇ ਨਾਕਾਬੰਦੀ ਵਧਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਸਮੇਤ ਹੋਟਲਾਂ ਤੇ ਜਨਤਕ ਥਾਵਾਂ ਤੇ ਮੁੱਖ ਬਾਜ਼ਾਰਾਂ ‘ਚ ਸੁਰੱਖਿਆ ਨੂੰ ਲੈ ਕੇ ਖਾਸ ਇੰਤਜ਼ਾਮ ਕਰਨ ਨੂੰ ਵੀ ਕਿਹਾ ਹੈ। ਦੀਵਾਲੀ ਤੋਂ ਪਹਿਲਾਂ ਆਉਣ ਵਾਲੇ ਤਿਓਹਾਰਾਂ ਦੇ ਮੱਦੇਨਜ਼ਰ ਸ਼ਹਿਰ ‘ਚ ਸੁਰੱਖਿਆ ਵਧਾ ਦਿੱਤੀ ਗਈ ਸੀ ਪਰ ਦੀਵਾਲੀ ‘ਤੇ ਸ਼ਰਾਰਤੀ ਤੱਤ ਜ਼ਿਆਦਾ ਸਰਗਰਮ ਹੁੰਦੇ ਹਨ। ਇਸ ਕਾਰਨ ਹੁਣ ਪੁਲਿਸ ਕਮਿਸ਼ਨ ਨੇ ਗਸ਼ਤ ਵਧਾਉਣ ਦੇ ਨਾਲ-ਨਾਲ ਸ਼ੱਕੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਬਾਜ਼ਾਰਾਂ ‘ਚ ਸਾਦੇ ਕੱਪੜਿਆਂ ‘ਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਲਈ ਕਿਹਾ ਹੈ।
ਪੀ. ਏ. ਪੀ. ਤੋਂ ਵੀ ਫੋਰਸ ਮੰਵਾਈ ਗਈ ਹੈਤਾਂ ਕਿ ਥਾਣਿਆਂ ਦਾ ਕੰਮ ਪ੍ਰਭਾਵਿਤ ਨਾ ਹੋਵੇ। ਇਸ ਤੋਂ ਇਲਾਵਾ ਦੰਗਾ ਰੋਧੀ ਦਸਤਾ, ਬੰਬ ਰੋਧੀ ਦਸਤਾ ਤੇ ਡੌਗ ਸਕਵਾਇਡ ਦੀ ਟੀਮ ਵੀ ਖਾਸ ਨਜ਼ਰ ਰੱਖੇਗੀ। ਬਾਜ਼ਾਰਾਂ ‘ਚ ਫਲੈਗ ਮਾਰਚ ਕੱਢਣ ਦੇ ਨਾਲ ਹੀ ਬੰਬ ਸਕਵਾਇਡ ਨਾਲ ਵੀ ਵਿਸ਼ੇਸ਼ ਚੈਕਿੰਗ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੇ ਸੀਨੀਅਰ ਅਧਿਕਾਰੀਆਂ ਤੋਂ ਦੀਵਾਲੀ ਤੱਕ ਸੁਰੱਖਿਆ ਦੀ ਕਮਾਨ ਆਪਣੇ ਹੱਥ ‘ਚ ਲੈਣ ਨੂੰ ਕਿਹਾ ਹੈ। ਸਾਰੇ ਏ. ਸੀ. ਪੀ. ਖੁਦ ਫੀਲਡ ‘ਚ ਰਹਿਣਗੇ ਤੇ ਸ਼ਰਾਰਤੀ ਤੱਤਾਂ ਨਾਲ ਸਖਤੀ ਨਾਲ ਨਿਪਟਣਗੇ।
ਸਾਰੇ ਹੋਟਲਾਂ, ਗੈਸਟ ਹਾਊਸ ਤੇ ਪੀ. ਜੀ. ਸੰਚਾਲਕਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਅਣਜਾਨ ਜਾਂ ਸ਼ੱਕੀ ਵਿਅਕਤੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਨੂੰ ਕਿਹਾ ਗਿਆ ਹੈ। ਕਿਸੇ ਨੂੰ ਵੀ ਬਿਨਾਂ ਆਈ. ਡੀ. ਕਮਰਾ ਨਾ ਦਿੱਤਾ ਜਾਵੇ ਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਬਾਜ਼ਾਰ ‘ਚ ਭੀੜ ਜ਼ਿਆਦਾ ਹੋਣ ਕਾਰਨ ਟ੍ਰੈਫਿਕ ਪੁਲਿਸ ਨੂੰ ਟ੍ਰੈਫਿਕ ਵਿਵਸਥਾ ਸੁਚਾਰੂ ਰੱਖਣ ਦੇ ਹੁਕਮ ਦਿੱਤੇ ਗਏ ਹਨ। ਬਾਜ਼ਾਰਾਂ ‘ਚ ਵੱਡੇ ਵਾਹਨਾਂ ਦੀ ਐਂਟਰੀ ‘ਤੇ ਪਾਬੰਦੀ ਹੋਵੇਗੀ ਤੇ ਦੁਕਾਨਦਾਰਾਂ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣੇ ਵਾਹਨ ਜਾਂ ਗਾਹਕਾਂ ਦੇ ਹਾਵਨ ਸਹੀ ਤਰੀਕੇ ਨਾਲ ਚਲਾਉਣ ਤਾਂ ਜੋ ਜਾਮ ਦੀ ਸਮੱਸਿਆ ਨਾ ਹੋਵੇ।