ਪੰਜਾਬ ਸਰਕਾਰ ਪਰਾਲੀ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਨਵੇਂ ਹੱਲ ਲੱਭ ਰਹੀ ਹੈ। ਹਰ ਸਾਲ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਮਸ਼ੀਨਰੀ ਤੋਂ ਲੈ ਕੇ ਹੋਰ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ, ਹਾਲਾਂਕਿ ਇਸ ਵਾਰ ਸਰਕਾਰ ਨੇ ਪ੍ਰਦੂਸ਼ਣ ਰੋਕਣ ਲਈ ਇੱਕ ਨਵੀਂ ਪਹਿਲ ਕੀਤੀ ਹੈ।

ਪੰਜਾਬ ਦੇ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹੁਣ ਉਦਯੋਗਿਕ ਇਕਾਈਆਂ ਵਿੱਚ ਕੋਲੇ ਦੀ ਬਜਾਏ ਬਾਲਣ ਵਜੋਂ ਪਰਾਲੀ ਸਾੜਨ ਲਈ ਤਕਨੀਕੀ ਹੱਲਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਹੈ। ਮੀਤ ਹੇਅਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੋਲੇ ਦੀ ਬਜਾਏ ਪਰਾਲੀ ਨੂੰ ਬਾਲਣ ਵਜੋਂ ਵਰਤਣ ਲਈ ਤਕਨੀਕੀ ਹੱਲਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੈਕਟਰ 26 ਸਥਿਤ ਮੈਗਸੀਪਾ ਅਧੀਨ ਪੈਂਦੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (PSCST) ਦੇ ਦਫ਼ਤਰ ਦੇ ਦੌਰੇ ਦੌਰਾਨ ਕੀਤਾ। PSCST ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਮਾਹਿਰਾਂ ਦਾ ਇੱਕ ਸਮੂਹ ਹੈ।
ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “

ਮੀਤ ਹੇਅਰ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਪੰਜਾਬ ਨੇ ਇੰਡੀਆ ਇਨੋਵੇਸ਼ਨ ਇੰਡੈਕਸ ਰੈਂਕਿੰਗ ਫਰੇਮਵਰਕ ‘ਤੇ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ, ਜੋ ਪਿਛਲੇ ਸਾਲ 10ਵੇਂ ਰੈਂਕ ਤੋਂ ਵਧ ਕੇ ਇਸ ਸਾਲ ਦੇਸ਼ ਦੇ 6ਵੇਂ ਸਭ ਤੋਂ ਨਵੀਨਤਾਕਾਰੀ ਪ੍ਰਮੁੱਖ ਰਾਜ ਵਜੋਂ ਉਭਰਿਆ ਹੈ। ਸਾਇੰਸ ਟੈਕਨਾਲੋਜੀ ਮੰਤਰੀ ਨੇ ਪੀ.ਐਸ.ਸੀ.ਐਸ.ਟੀ. ਨੂੰ ਐਸ.ਟੀ.ਆਈ. ਈਕੋ ਸਿਸਟਮ ਦੀ ਦਿਸ਼ਾ ਵਿੱਚ ਅੱਗੇ ਵਧਦੇ ਰਹਿਣ ਅਤੇ ਤਾਲਮੇਲ ਬਰਕਰਾਰ ਰੱਖਣ ਦੀ ਤਾਕੀਦ ਕੀਤੀ, ਤਾਂ ਜੋ ਸੂਬੇ ਨੂੰ ਨਵੀਆਂ ਉਚਾਈਆਂ ‘ਤੇ ਲਿਜਾਇਆ ਜਾ ਸਕੇ। ਮੀਤ ਹੇਅਰ ਨੇ ਭਰੋਸਾ ਦਿਵਾਇਆ ਕਿ ਸਾਰੇ ਵਿਭਾਗਾਂ ਨੂੰ ਉਨ੍ਹਾਂ ਦੀਆਂ ਪ੍ਰਮੁੱਖ ਚੁਣੌਤੀਆਂ ਨੂੰ ਸਪਸ਼ਟ ਕਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਢੰਗ ਵਿਕਸਤ ਕੀਤਾ ਜਾਵੇਗਾ, ਜਿਸ ਨੂੰ ਖੋਜ ਅਤੇ ਵਿਕਾਸ ਰਾਹੀਂ ਹੱਲ ਕੀਤਾ ਜਾ ਸਕਦਾ ਹੈ।






















