Petrol pump businessman’s :ਤਰਨਤਾਰਨ ਦੇ ਭਿਖੀਵਿੰਡ ‘ਚ ਸੋਮਵਾਰ ਨੂੰ ਇੱਕ ਪੈਟਰੋਲ ਪੰਪ ਕਾਰੋਬਾਰੀ ਦੇ ਬੇਟੇ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਦੀ ਵਜ੍ਹਾ ਗਲੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾਉਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਖਾਲੜਾ ਦੇ 30 ਸਾਲਾ ਮਨਦੀਪ ਸ਼ਰਮਾ ਪੁੱਤਰ ਪਰਮਜੀਤ ਸ਼ਰਮਾ ਉਰਫ ਕਾਲੇ ਸ਼ਾਹ ਦੇ ਰੂਪ ‘ਚ ਹੋਈ ਹੈ। ਇਨ੍ਹਾਂ ਦਾ ਖੇਮਕਰਨ ਰੋਡ ‘ਤੇ ਪੈਟਰੋਲ ਪੰਪ ਹੈ। ਸੋਮਵਾਰ ਸਵੇਰੇ ਮਨਦੀਪ ਸ਼ਰਮਾ ਦਾ ਕੁਝ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪੁੱਜੀ। ਜਾਣਕਾਰੀ ਮੁਤਾਬਕ ਮਨਦੀਪ ਸ਼ਰਮਾ ਨੇ ਬੀਤੇ ਦਿਨੀਂ ਪੈਟਰੋਲ ਪੰਪ ਨੇੜੇ ਕੁਝ ਜ਼ਮੀਨ ਖਰੀਦੀ ਸੀ। ਇਥੇ ਜ਼ਮੀਨ ਲਈ ਰਸਤਾ ਚਾਹੀਦਾ ਸੀ, ਜਿਸ ਕਾਰਨ ਨਾਲ ਦੀ ਕਾਲੋਨੀ ‘ਚ ਸਥਿਤ ਘਰਾਂ ਦੇ ਮਾਲਕਾਂ ਨਾਲ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਗੋਲੀ ਵੀ ਚੱਲੀ ਅਤੇ ਗੋਲੀ ਲੱਗਣ ਨਾਲ ਮਨਦੀਪ ਸ਼ਰਮਾ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਕਿਸੇ ਤਰ੍ਹਾਂ ਪਰਿਵਾਰਕ ਮੈਂਬਰ ਉਸ ਨੂੰ ਭਿਖੀਵਿੰਡ ਦੇ ਪ੍ਰਾਈਵੇਟ ਹਸਪਤਾਲ ‘ਚ ਲੈ ਕੇ ਪੁੱਜੇ। ਉਥੇ ਡਾਕਟਰਾਂ ਨੇ ਮਨਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ‘ਤੇ ਪੁੱਜੇ ਡੀ. ਐੱਸ. ਪੀ. ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।