Phagwara SHO Navdeep Singh: ਕੋਰੋਨਾ ਕਾਲ ਦੌਰਾਨ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰਵਾਉਣ ਨੂੰ ਲੈ ਕੇ ਬੀਤੇ ਦਿਨ ਪੰਜਾਬ ਪੁਲਿਸ ਦਾ ਬੇਰਹਿਮੀ ਵਾਲਾ ਚਿਹਰਾ ਸਾਹਮਣੇ ਆਇਆ ਸੀ । ਚਰਚਾ ’ਚ ਰਹਿਣ ਵਾਲੇ ਥਾਣਾ ਸਿਟੀ ਦੇ ਐਸਐਚਓ ਨਵਦੀਪ ਸਿੰਘ ਨੂੰ ਬੁੱਧਵਾਰ ਨੂੰ ਰੇਹੜੀ ਵਾਲੇ ਨਾਲ ਕੀਤੀ ਗਈ ਬਦਸਲੂਕੀ ਕਰਨ ’ਤੇ ਸਸਪੈਂਡ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੀ ਸਫ਼ਾਈ ਪੇਸ਼ ਕੀਤੀ ਹੈ ।
ਨਵਦੀਪ ਸਿੰਘ ਨੇ ਆਪਣੀ ਸਫ਼ਾਈ ਦਿੰਦਿਆਂ ਰੇਹੜੀ ਵਾਲਿਆਂ ’ਤੇ ਇਲਜ਼ਾਮ ਲਗਾਏ ਹਨ। ਰੇਹੜੀ ਵਾਲਿਆਂ ‘ਤੇ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਘਟਨਾ ਵਾਲੀ ਜਗ੍ਹਾ ਥਾਂ ’ਤੇ ਕਈ ਸਬਜ਼ੀ ਵੇਚਣ ਵਾਲੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਵਾਉਣ ਲਈ ਗਸ਼ਤ ਕਰ ਰਹੇ ਹਨ ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰੇਹੜੀ ਵਾਲਿਆਂ ਨੂੰ ਪਹਿਲਾਂ ਵੀ ਬਹੁਤ ਵਾਰ ਕਿਹਾ ਹੈ ਕਿ ਉਹ ਕਿਤੇ ਬਾਹਰ ਜਾ ਕੇ ਆਪਣੀ ਸਬਜ਼ੀ ਵੇਚਣ ਤਾਂ ਜੋ ਇੱਥੇ ਭੀੜ ਨੂੰ ਇਕੱਠੇ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਇੱਕ ਰੇਹੜੀ ਵਾਲੇ ਕੋਲ ਦਿਨ ਵਿੱਚ 20-25 ਗਾਹਕ ਵੀ ਆਉਂਦੇ ਹਨ ਤਾਂ ਕਿੰਨੇ ਹੀ ਪਰਿਵਾਰਾਂ ਨੂੰ ਖ਼ਤਰਾ ਹੋ ਸਕਦਾ ਹੈ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਗਸ਼ਤ ਕਰਨ ਜਾਂਦੀ ਹੈ ਤਾਂ ਉਹ ਉੱਥੋਂ ਸਬਜ਼ੀ ਚੁੱਕ ਕੇ ਭੱਜ ਜਾਂਦੇ ਹਨ ਅਤੇ ਪੁਲਿਸ ਦੇ ਜਾਣ ਤੋਂ ਬਾਅਦ ਵਾਪਸ ਆ ਕੇ ਸਬਜ਼ੀ ਵੇਚਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਬੀਤੇ ਦਿਨ ਵੀ ਗਸ਼ਤ ਲਈ ਗਏ ਤਾਂ ਸਬਜ਼ੀ ਵਾਲੇ ਉਨ੍ਹਾਂ ਨੂੰ ਦੇਖ ਕੇ ਮੌਕੇ ਤੋਂ ਭੱਜ ਗਏ ਅਤੇ ਉਨ੍ਹਾਂ ਨੇ ਸਬਜ਼ੀ ਨੂੰ ਕਬਜ਼ੇ ਵਿੱਚ ਲੈ ਲਿਆ।